ਵੱਖ-ਵੱਖ ਬੁਲਾਰਿਆਂ ਨੇ ਵਿਚਾਰ ਆਪਣੇ ਪੇਸ਼ ਕੀਤੇ
ਬਲਜੀਤਪਾਲ ਸਿੰਘ
ਸਰਦੂਲਗੜ੍ਹ, 30 ਸਤੰਬਰ
ਨੇੜਲੇ ਪਿੰਡ ਜਟਾਣਾ ਕਲਾਂ ਵਿਖੇ ਉੱਦਮੀ ਨੌਜਵਾਨਾਂ ਨੇ ਸਾਹਿਤਕ ਰੁਚੀ ਪੈਦਾ ਕਰਨ ਲਈ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਬੱਚਿਆਂ ਦੇ ਪੇਂਟਿਗ ਮੁਕਾਬਲੇ ਤੇ ਕਿਤਾਬ ਮੇਲਾ ਕਰਵਾਇਆ। ਕਿਤਾਬ ਮੇਲੇ ਦੌਰਾਨ ਸਾਹਿਬਦੀਪ ਪਬਲੀਕੇਸ਼ਨ, ਬਿਬੇਕਗੜ੍ਹ ਪ੍ਰਕਾਸ਼ਨ, ਭਾਸ਼ਾ ਵਿਭਾਗ ਪੰਜਾਬ ਪ੍ਰਕਾਸ਼ਕਾਂ ਨੇ ਹਿੱਸਾ ਲਿਆ, ਸਮਾਗਮ ਵਿੱਚ ਬੁਲਾਰਿਆਂ ਨੇ ਆਪਣੇ ਵਿਚਾਰ ਪੇਸ਼ ਕੀਤੇ। ਮੇਲਾ ਪ੍ਰਬੰਧਕ ਗੁਰਜੋਤ ਸਿੰਘ ਤੇ ਗੁਰਤੇਜ ਸਿੰਘ ਨੇ ਸਭਨਾਂ ਨੂੰ ਜੀ ਆਇਆਂ ਨੂੰ ਕਿਹਾ।
ਇਸ ਮੌਕੇ ਬੋਲਦਿਆਂ ਡਾ. ਬਿੱਕਰਜੀਤ ਸਿੰਘ ਸਾਧੂਵਾਲਾ ਨੇ ਕਿਹਾ ਕਿ ਪਿੰਡਾਂ ਵਿੱਚ ਪਹਿਲਾਂ ਵਾਲੀ ਸਾਂਝ ਖ਼ਤਮ ਹੁੰਦੀ ਜਾ ਰਹੀ, ਨਵੀਂ ਪੀੜ੍ਹੀ ਦਾ ਵਿਦੇਸ਼ ਜਾਣ ਰੁਝਾਨ ਵੱਧ ਚੁੱਕਾ, ਪਿੱਛੇ ਰਹਿੰਦੇ ਨੌਜਵਾਨ ਕੁਰੀਤੀਆਂ ਵਿੱਚ ਫਸਦੇ ਜਾ ਰਹੇ ਹਨ, ਮਾਪਿਆਂ ਦਾ ਬੱਚਿਆਂ ਨਾਲ ਤਾਲਮੇਲ ਘੱਟ ਚੁੱਕਾ ਹੈ। ਆਪਣੇ ਬੱਚਿਆਂ ਨੂੰ ਚੰਗੇ ਰਾਸਤੇ ਪਾਉਣ ਲਈ ਪਿੰਡਾਂ ਵਿੱਚ ਲਾਇਬ੍ਰੇਰੀਆਂ ਹੋਣੀਆਂ ਬਹੁਤ ਜਰੂਰੀ ਹਨ, ਨੌਜਵਾਨਾਂ ਨੂੰ ਕਿਤਾਬਾਂ ਨਾਲ ਜੁੜਨਾ ਚਾਹੀਦਾ ਹੈ। ਸ਼ਾਇਰ ਬਲਜੀਤਪਾਲ ਸਿੰਘ ਨੇ ਕਿਹਾ ਕਿ ਸਾਡਾ ਬੌਧਿਕ ਪੱਧਰ ਬਹੁਤ ਨੀਵਾਂ ਹੋ ਚੁੱਕਾ ਹੈ, ਅਯੋਕੀ ਗੀਤਕਾਰੀ ਤੇ ਗਾਇਕੀ ਨੇ ਨੌਜਵਾਨਾਂ ਨੂੰ ਕੁਰਾਹੇ ਪਾ ਦਿੱਤਾ ਹੈ। ਉਹਨਾਂ ਨੌਜਵਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰ ਪਿੰਡ ਵਿੱਚ ਅਜਿਹੇ ਨੌਜਵਾਨ ਹੋਣੇ ਬਹੁਤ ਜਰੂਰੀ ਹਨ ਜੋ ਸਾਹਿਤ ਨੂੰ ਘਰ-ਘਰ ਪਹੁੰਚਾਉਣ ਉਪਰਾਲਾ ਕਰ ਰਹੇ ਹਨ। ਪੱਤਰਕਾਰ ਤੇ ਪ੍ਰਕਾਸ਼ਕ ਕਰਨ ਭੀਖੀ ਨੇ ਕਿਹਾ ਕਿ ਇਹਨਾਂ ਨੌਜਵਾਨਾਂ ਦੀ ਆਉਣ ਵਾਲੇ ਸਮੇਂ ਵਿੱਚ ਹਰ ਪੱਖ ਤੋਂ ਮੱਦਦ ਕੀਤੀ ਜਾਵੇਗੀ। ਉਹਨਾਂ ਬੱਚਿਆਂ ਨੂੰ ਸਾਹਿਤ ਨਾਲ ਜੁੜਨ ਦਾ ਸੱਦਾ ਦਿੱਤਾ। ਇਸ ਦੌਰਾਨ ਪੇਂਟਿੰਗ ਮੁਕਾਬਲੇ ਦੇ ਮੋਹਰੀ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਬੱਚਿਆਂ ਵੱਲੋਂ ਗੀਤ, ਕਵਿਤਾਵਾਂ ਪੇਸ਼ ਕੀਤੀਆਂ।
ਇਸ ਮੌਕੇ ਸ਼ਿੰਗਾਰਾ ਸਿੰਘ ਝੰਡਾ ਕਲਾਂ, ਬਲਜਿੰਦਰ ਸਿੰਘ ਖਾਲਸਾ, ਹੀਰਾ ਸਿੰਘ, ਸਹਾਇਕ ਥਾਣੇਦਾਰ ਹਰਵਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਸਮੇਂ ਹਰਜਿੰਦਰ ਸਿੰਘ, ਮਾ. ਜਗਸੀਰ ਸਿੰਘ, ਮਾ. ਪ੍ਰੇਮ ਕੁਮਾਰ, ਮਾ. ਬਚਿੱਤਰ ਸਿੰਘ, ਅਸ਼ਵਨੀ ਕੁਮਾਰ ਆਦਿ ਹਾਜ਼ਰ ਸਨ।