27 ਦਸੰਬਰ (ਗਗਨਦੀਪ ਸਿੰਘ) ਬਰਨਾਲਾ: ਕੋਲਡ ਵੇਵ/ਫੋਰਸਟ ਦੇ ਪ੍ਰਭਾਵ ਤੋਂ ਪਸ਼ੂਆਂ ਦੇ ਬਚਾਓ ਲਈ ਸ੍ਰੀਮਤੀ ਪੂਨਮਦੀਪ ਕੌਰ ਮਾਨਯੋਗ ਡਿਪਟੀ ਕਮਿਸ਼ਨਰ, ਬਰਨਾਲਾ ਦੀ ਯੋਗ ਅਗਵਾਈ ਹੇਠ ਡਾ. ਲਖਬੀਰ ਸਿੰਘ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ, ਬਰਨਾਲਾ ਵੱਲੋਂ ਵਿਭਾਗ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਡਵਾਈਜ਼ਰੀ ਜਾਰੀ ਕੀਤੀ ਗਈ ਤਾਂ ਜੋ ਪਸ਼ੂਆਂ ਦੀ ਸਿਹਤ ਅਤੇ ਉਤਪਾਦ ਠੀਕ ਰਹਿਣ ਦੇ ਨਾਲ-ਨਾਲ ਵੱਖ-ਵੱਖ ਬਿਮਾਰੀਆਂ ਤੋਂ ਵੀ ਪਸ਼ੂਆਂ ਨੂੰ ਬਚਾਇਆ ਜਾ ਸਕੇ। ਇਸ ਲਈ ਪਸ਼ੂ ਪਾਲਕਾਂ ਨੂੰ ਵਿਭਾਗ ਵੱਲੋਂ ਦਿੱਤੇ ਗਏ ਸੁਝਾਅ ਅਨੁਸਾਰ ਕੋਲਡ ਵੇਵ ਦੇ ਮੱਦੇਨਜਰ ਪਸ਼ੂਆਂ ਦੇ ਵਾੜਿਆਂ ਨੂੰ ਆਲੇ-ਦੁਆਲੇ ਤੋਂ ਕਵਰ ਕੀਤਾ ਜਾਵੇ ਤਾਂ ਕਿ ਸਿੱਧੀ ਹਵਾ (ਕੋਲਡ ਵੇਵ) ਤੋਂ ਪਸ਼ੂਆਂ ਦਾ ਬਚਾਓ ਹੋ ਸਕੇ। ਪਰਾਲੀ ਅਤੇ ਦੂਸਰੇ ਮਟੀਰੀਅਲ (ਪਲਾਸਟਿਕ ਆਦਿ) ਦੀ ਵਰਤੋਂ ਵਾਲੇ ਢਾਰਿਆਂ ਜਿਵੇਂ ਕਿ ਗੁਜਰਾਂ ਦੇ ਢਾਰੇ ਵਿੱਚ ਅੱਗ ਲੱਗਣ ਦੀ ਘਟਨਾ ਤੋਂ ਵਿਸ਼ੇਸ਼ ਧਿਆਨ ਰੱਖਣ ਬਾਰੇ ਸੁਚੇਤ ਕੀਤਾ ਜਾਵੇ। ਪਸ਼ੂਆਂ ਨੂੰ ਸੰਤੁਲਿਤ, ਸ਼ਕਤੀ ਵਰਧਕ (ਤਾਕਤ ਭਰਪੂਰ) ਰਾਸ਼ਨ ਦੀ ਵਰਤੋਂ ਕੀਤੀ ਜਾਵੇ ਤਾਂ ਕਿ ਪਸ਼ੂਆਂ ਨੂੰ ਲੋੜ ਅਨੁਸਾਰ ਤਾਕਤ ਮਿਲਦੀ ਰਹੇ ਜਿਵੇਂ ਕਿ ਵੱਡੇ ਪਸ਼ੂਆਂ/ਕੱਟੜੂਆਂ ਵਿੱਚ ਗੁੜ/ਸ਼ੱਕਰ/ਸੀਰਾ ਦੀ ਲੋੜ ਅਨੁਸਾਰ ਵਰਤੋਂ ਕੀਤੀ ਜਾਵੇ। ਪਸ਼ੂਆਂ ਦੇ ਥੱਲੇ ਗਰਾਉਂਡ ਫਲੋਰ ਕੱਚੇ ਤੇ ਲੋੜ ਅਨੁਸਾਰ ਸੁੱਕ ਜਿਸਦੇ ਵਿੱਚ ਪਰਾਲੀ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ ਤਾਂ ਕਿ ਛੋਟੇ ਪਸ਼ੂਆਂ ਨੂੰ ਕਾਫ ਨਿਮੋਨੀਆ ਤੋਂ ਅਤੇ ਵੱਡੇ ਪਸ਼ੂਆਂ ਨੂੰ ਠੰਡ ਲੱਗਣ ਤੋਂ ਬਚਾਇਆ ਜਾ ਸਕੇ। ਪਸ਼ੂਆਂ ਨੂੰ ਇਸ ਸਮੇਂ ਦੌਰਾਨ ਸਿਰਫ ਤਾਜਾ ਪਾਣੀ/ਨਿੱਘਾ ਪਾਣੀ ਹੀ ਪਿਲਾਇਆ ਜਾਵੇ। ਖੜੇ ਪਾਣੀ/ਟੈਂਕੀ ਵਾਲੇ ਪਾਣੀ ਨੂੰ ਪਿਲਾਉਣ ਤੋਂ ਪਰਹੇਜ ਕੀਤਾ ਜਾਵੇ। ਮੀਂਹ/ਬਾਰਿਸ਼ ਦੇ ਸਮੇਂ ਦੌਰਾਨ ਜਾਨਵਰਾਂ ਨੂੰ ਵਿਸ਼ੇਸ਼ ਧਿਆਨ ਦੇ ਕੇ ਬਚਾਇਆ ਜਾਵੇ। ਪਸ਼ੂਆਂ ਦੇ ਮੂੰਹ-ਖੁਰ/ਗਲ-ਘੋਟੂ ਦੀ ਵੈਕਸੀਨੇਸ਼ਨ ਜਰੂਰ ਕਰਵਾ ਲਈ ਜਾਵੇ। ਪਸ਼ੂਆਂ ਨੂੰ ਲੋੜ ਅਨੁਸਾਰ ਮਲੱਪ ਰਹਿਤ ਕਰਨ ਦੀ ਦਵਾਈ ਦਿੱਤੀ ਜਾ ਸਕਦੀ ਹੈ ਤਾਂ ਕਿ ਖੁਰਾਕ ਦੀ ਸਰੀਰਕ ਤਾਕਤ ਵਾਸਤੇ ਵਰਤੋਂ ਵਿੱਚ ਵਾਧਾ ਹੋ ਸਕੇ।