ਭੀਖੀ 05 ਅਗਸਤ, ਸਥਾਨਕ ਸਰਵਹਿੱਤਕਾਰੀ ਵਿੱਦਿਆ ਮੰਦਰ ਭੀਖੀ ਵਿਖੇ ਵਿੱਦਿਆ ਭਾਰਤੀ ਪ੍ਰਾਂਤ ਪੱਧਰੀ ਖੇਡਾਂ ਦੇ ਉਦਘਾਟਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਉਦਘਾਟਨੀ ਸਮਾਗਮ ਵਿਚ ਸ੍ਰ. ਗੁਰਲਾਭ ਸਿੰਘ ਨੇ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਵੱਲੋਂ ਦੀਪ ਜਲਾ ਕੇ ਖੇਡ ਸਮਾਗਮ ਦਾ ਉਦਘਾਟਨ ਕੀਤਾ ਗਿਆ ਅਤੇ ਖੇਡਾਂ ਦਾ ਝੰਡਾ ਲਹਿਰਾਇਆ ਗਿਆ। ਖੇਡਾਂ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਨੇ ਮਾਰਚ ਪਾਸਟ ਕੀਤਾ ਅਤੇ ਸਲਾਮੀ ਦਿੱਤੀ। ਜ਼ਿਕਰਯੋਗ ਹੈ ਕਿ ਇਸ ਤਿੰਨ ਰੋਜ਼ਾ ਪ੍ਰਾਂਤ ਪੱਧਰੀ ਖੇਡ ਮੁਕਾਬਲੇ ਵਿੱਚ ਬਾਸਕਟਬਾਲ, ਬਾਕਸਿੰਗ, ਕਰਾਟੇ, ਸ਼ਤਰੰਜ, ਸਕੇਟਿੰਗ, ਤਾਈਕਵਾਂਡੋ, ਕੈਰਮ ਬੋਰਡ ਆਦਿ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਖੇਡ ਮੁਕਾਬਲੇ ਵਿੱਚ ਪੂਰੇ ਪੰਜਾਬ ਦੇ ਵਿੱਦਿਆ ਭਾਰਤੀ ਦੇ ਸਕੂਲਾਂ ਵਿੱਚੋਂ 600 ਖਿਡਾਰੀਆਂ ਨੇ ਭਾਗ ਲਿਆ ਹੈ।ਇਸ ਮੌਕੇ ਮੁੱਖ ਮਹਿਮਾਨ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਬੱਚਿਆਂ ਵਿੱਚ ਸਾਕਾਰਤਮਕ ਊਰਜਾ ਅਤੇ ਆਸ਼ਾਵਾਦੀ ਦ੍ਰਿਸ਼ਟੀਕੋਣ ਪੈਦਾ ਕਰਦੀਆਂ ਹਨ। ਸੋ ਇਸ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ। ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਡਾ. ਯਸ਼ਪਾਲ ਸਿੰਗਲਾ, ਪ੍ਰਧਾਨ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰਬੰਧ ਸੰਮਤੀ ਦੇ ਪ੍ਰਧਾਨ ਤੇਜਿੰਦਰਪਾਲ, ਵਾਈਸ ਪ੍ਰਧਾਨ ਪ੍ਰਸ਼ੋਤਮ ਕੁਮਾਰ, ਪ੍ਰਬੰਧਕ ਅੰਮ੍ਰਿਤ ਲਾਲ, ਮੈਂਬਰ ਮਨੋਜ ਕੁਮਾਰ, ਮੱਖਣ ਲਾਲ, ਅਸੋਕ ਜੈਨ, ਰਜਿੰਦਰ ਕੁਮਾਰ, ਰਕੇਸ਼ ਕੁਮਾਰ ਅਤੇ ਸਕੂਲ ਪ੍ਰਿੰਸੀਪਲ ਡਾ. ਗਗਨਦੀਪ ਪਰਾਸ਼ਰ ਵੱਲੋਂ ਮੁੱਖ ਮਹਿਮਾਨ, ਖੇਡ ਅਧਿਆਪਕਾਂ, ਵੱਖ – ਵੱਖ ਸਕੂਲਾਂ ਤੋਂ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਜੀ ਆਇਆਂ ਆਖਿਆ । ਵਿੱਦਿਆ ਮੰਦਰ ਦੇ ਵਿਹੜੇ ਦੀ ਰੌਣਕ ਵਧਾਉਣ ਤੇ ਬੱਚਿਆਂ ਦੀ ਹੌਂਸਲਾ ਅਫਜਾਈ ਲਈ ਮੁੱਖ ਮਹਿਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਅਤੇ ਸਾਰੇ ਖਿਡਾਰੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ।