ਪੰਜਾਬ ਇਲੈਕਸ਼ਨ ਕਮਿਸ਼ਨਰ ਸ੍ਰੀ ਰਾਜ ਕਮਲ ਚੌਧਰੀ ਜੀ ਵੱਲੋਂ ਪੰਜਾਬ ਵਿੱਚ ਸਰਪੰਚੀ ਲਈ ਆਮ ਚੋਣਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਇਹ ਚੋਣਾਂ 15 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ ਚੋਣਾਂ ਦੇ ਐਲਾਨ ਹੋਣ ਸਾਰ ਹੀ ਪਿੰਡਾਂ ਵਿੱਚ ਸਰਪੰਚਾਂ ਅਤੇ ਪੰਚਾਂ ਦੀ ਚੋਣ ਕਰਨ ਦੀ ਮੁਹਿੰਮ ਤੇਜ਼ ਹੋ ਗਈ ਹੈ। ਪਿੰਡਾਂ ਵਿੱਚ ਅਨਾਉਂਸਮੈਂਟਾਂ ਰਾਹੀਂ ਸਰਪੰਚਾਂ ਅਤੇ ਪੰਚਾਂ ਦੀ ਚੋਣ ਕਰਨ ਲਈ ਇਕੱਠ ਕੀਤੇ ਜਾ ਰਹੇ ਹਨ। ਅਲੱਗ ਅਲੱਗ ਪਿੰਡਾਂ ਵਿੱਚ ਸਰਪੰਚ ਜਾਂ ਪੰਚ ਦੀ ਚੋਣ ਕਰਨ ਦੀ ਵਿਧੀ ਜਾਂ ਢੰਗ ਅਲੱਗ ਅਲੱਗ ਹੋ ਸਕਦਾ ਹੈ ਪਰ ਸਰਪੰਚ ਜਾਂ ਪੰਚਾਂ ਦੀ ਚੋਣ ਕਰਨ ਲਈ ਉਹਨਾਂ ਦੇ ਕਿਹੜੇ ਕਿਹੜੇ ਪੱਖਾਂ ਜਾਂ ਕਿਹੜੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਿਆ ਜਾਵੇ ਆਓ ਚਰਚਾ ਕਰੀਏ।
ਸਭ ਤੋਂ ਪਹਿਲਾਂ ਤਾਂ ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਜਿਸ ਵਿਅਕਤੀ ਨੂੰ ਪਿੰਡ ਦਾ ਮੁਖੀ ਚੁਣਿਆ ਜਾਣਾ ਹੈ ਉਹ ਘੱਟੋ ਘੱਟ ਬੈਚਲਰ ਡਿਗਰੀ ਪਾਸ ਹੋਵੇ। ਉਸ ਵਿੱਚ ਸੰਜਮ, ਸਹਿਣਸ਼ੀਲਤਾ,ਕੰਮ ਕਰਨ ਦੀ ਲਗਨ, ਭਰੋਸੇਯੋਗਤਾ ਨਿਡਰਤਾ, ਹਲੀਮੀ ਅਤੇ ਲੀਡਰਸ਼ਿਪ ਆਦਿ ਗੁਣ ਹੋਣੇ ਚਾਹੀਦੇ ਹਨ। ਸਥਾਨਕ ਸੰਸਥਾ ਦੇ ਮੁਖੀ ਵਜੋਂ ਉਸ ਵਿੱਚ ਹਰ ਤਰ੍ਹਾਂ ਦੇ ਮਸਲੇ ਹੱਲ ਕਰਨ ਦੀ ਯੋਗਤਾ ਵੀ ਹੋਣੀ ਬਹੁਤ ਜਰੂਰੀ ਹੈ। ਉਹ ਇੱਕ ਚੰਗਾ ਅਗਵਾਈ ਕਰਤਾ ਅਤੇ ਇੱਕ ਚੰਗਾ ਬੁਲਾਰਾ ਹੋਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਉੱਚ ਅਧਿਕਾਰੀਆਂ ਸਾਹਮਣੇ ਪਿੰਡ ਦੇ ਮਸਲਿਆਂ ਨੂੰ ਸਹੀ ਢੰਗ ਨਾਲ ਪੇਸ਼ ਕਰ ਸਕੇ। ਸਰਪੰਚ ਦੀ ਚੋਣ ਕਰਨ ਲੱਗਿਆ ਉਸ ਦੀ ਸਿਰਫ ਅਮੀਰੀ ਜਾਂ ਰੋਹਬ ਵਾਲਾ ਰੁਤਬਾ ਹੀ ਨਾ ਦੇਖਿਆ ਜਾਵੇ ਸਗੋਂ ਉਸ ਦੀ ਕਾਬਲੀਅਤ ਅਤੇ ਚਰਿਤਰ ਵੱਲ ਧਿਆਨ ਦਿੱਤਾ ਜਾਵੇ। ਉਸ ਵਿਅਕਤੀ ਵੱਲੋਂ ਪਿਛਲੇ ਸਮਿਆਂ ਦੌਰਾਨ ਪਿੰਡ ਦੇ ਸਾਂਝੇ ਮਸਲਿਆਂ ਅਤੇ ਸਾਂਝੇ ਕੰਮਾਂ ਵਿੱਚ ਪਾਏ ਯੋਗ ਦਾਨ ਦੀ ਵੀ ਸਮੀਖਿਆ ਕੀਤੀ ਜਾਣੀ ਜਰੂਰੀ ਹੈ। ਪਿੰਡ ਦਾ ਸਰਪੰਚ ਅਗਾਂਹ ਵਧੂ ਸੋਚ ਵਾਲਾ ਅਤੇ ਦੂਰ ਅੰਦੇਸ਼ੀ ਹੋਵੇ। ਉਹ ਬਿਨਾਂ ਕਿਸੇ ਅਹੁਦੇ ਤੋਂ ਨਿਰ ਸਵਾਰਥ ਹੋ ਕੇ ਕੰਮ ਕਰਨ ਵਾਲਾ ਹੋਵੇ ਅਤੇ ਪਿੰਡ ਦੇ ਲੋਕਾਂ ਨੂੰ ਉਸਦੀ ਇਮਾਨਦਾਰੀ ਤੇ ਕੋਈ ਵੀ ਸ਼ੱਕ ਨਾ ਹੋਵੇ। ਪਿੰਡ ਦਾ ਸਰਪੰਚ ਜਾਂ ਪੰਚ ਅਜਿਹਾ ਹੋਵੇ ਜੋ ਸਾਰੇ ਪਿੰਡ ਨੂੰ ਆਪਣਾ ਪਰਿਵਾਰ ਸਮਝਦਾ ਹੋਵੇ ਅਤੇ ਪਿੰਡ ਦੇ ਨਫੇ ਨੁਕਸਾਨ ਨੂੰ ਆਪਣਾ ਹੀ ਨਫਾ ਨੁਕਸਾਨ ਸਮਝਦਾ ਹੋਵੇ।ਉਹ ਨਸ਼ਿਆਂ ਅਤੇ ਹੋਰ ਮਾੜੇ ਕੰਮਾਂ ਤੋਂ ਦੂਰ ਹੋਵੇ ਅਤੇ ਇੱਕ ਚੰਗੀ ਸ਼ਖਸ਼ੀਅਤ ਦਾ ਮਾਲਕ ਹੋਵੇ। ਪਿੰਡ ਦਾ ਮੁਖੀਆ ਪੂਰਾ ਕਾਬਲ ਇਨਸਾਨ ਹੋਣਾ ਚਾਹੀਦਾ ਹੈ ਕਿਉਂਕਿ ਉਸ ਦੇ ਮੋਢਿਆਂ ਤੇ ਪੂਰੇ ਪਿੰਡ ਦੀ ਜਿੰਮੇਵਾਰੀ ਦਾ ਭਾਰ ਟਿਕਿਆ ਹੁੰਦਾ ਹੈ। ਹੁਣ ਗੱਲ ਕਰਦੇ ਹਾਂ ਕਿ ਸਰਪੰਚ ਚੁਣੇ ਜਾਣ ਤੋਂ ਬਾਅਦ ਸਰਪੰਚ ਦੇ ਕੀ ਫਰਜ਼ ਹੋਣੇ ਚਾਹੀਦੇ ਹਨ।ਸਭ ਤੋਂ ਪਹਿਲਾ ਫਰਜ਼ ਇਹ ਬਣਦਾ ਹੈ ਕਿ ਸਰਪੰਚ ਚੁਣੇ ਜਾਣ ਤੋਂ ਬਾਅਦ ਸਾਰੇ ਪਿੰਡ ਦਾ ਇਕੱਠ ਰੱਖ ਕੇ ਪਿੰਡ ਦੀਆਂ ਸਮੱਸਿਆਵਾਂ ਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾਣ ਅਤੇ ਉਹਨਾਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਇੱਕ ਵਧੀਆ ਯੋਜਨਾ ਬੰਦੀ ਕਰ ਲਈ ਜਾਵੇ। ਫਿਰ ਇੱਕ-ਇੱਕ ਕਰਕੇ ਸਾਰੇ ਮਸਲੇ ਸੁਲਝਾਏ ਜਾਣ। ਸਰਪੰਚ ਦਾ ਇਹ ਵੀ ਫਰਜ਼ ਬਣਦਾ ਹੈ ਕਿ ਪਿੰਡ ਦਾ ਕੋਈ ਵੀ ਮਸਲਾ ਸਾਰੇ ਪਿੰਡ ਦੇ ਧਿਆਨ ਵਿੱਚ ਲਿਆਂਦੇ ਤੋਂ ਬਿਨਾਂ ਹੱਲ ਨਾ ਕੀਤਾ ਜਾਵੇ ਭਾਵ ਅਜਿਹਾ ਨਾ ਹੋਵੇ ਕਿ ਜੋ ਕੰਮ ਸਰਪੰਚ ਵੱਲੋਂ ਕੀਤੇ ਜਾ ਰਹੇ ਹਨ ਉਹ ਪਿੰਡ ਦੇ ਲੋਕਾਂ ਦੇ ਧਿਆਨ ਵਿੱਚ ਹੀ ਨਾ ਹੋਣ। ਸਰਪੰਚ ਦਾ ਇਹ ਵੀ ਫਰਜ਼ ਬਣਦਾ ਹੈ ਕਿ ਉਹ ਪਿੰਡ ਦੇ ਸਾਰੇ ਲੋਕਾਂ ਨੂੰ ਆਪਣਾ ਪਰਿਵਾਰ ਸਮਝਦੇ ਹੋਏ ਬਿਨਾਂ ਕਿਸੇ ਭੇਦ – ਭਾਵ,ਅਮੀਰੀ- ਗਰੀਬੀ ਆਦਿ ਤੋਂ ਪਾਸੇ ਹਟ ਕੇ ਸਭ ਦੇ ਮਸਲੇ ਹੱਲ ਕਰੇ।ਇਹ ਵੀ ਫਰਜ਼ ਬਣਦਾ ਹੈ ਕਿ ਕਿ ਹਰ ਮਹੀਨੇ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਜਾਵੇ ਅਤੇ ਨਵੇਂ ਕੰਮਾਂ ਦੀ ਵਧੀਆ ਢੰਗ ਨਾਲ ਯੋਜਨਾ ਬੰਦੀ ਕੀਤੀ ਜਾਵੇ।
ਦੇਖਿਆ ਗਿਆ ਹੈ ਕਿ ਵਿਕਾਸ ਪੱਖੋਂ ਹਾਲੇ ਤੱਕ ਵੀ ਕਈ ਪਿੰਡਾਂ ਵਿੱਚ ਪਾਣੀ ਦੇ ਨਿਕਾਸ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਲੋਕਾਂ ਦੀਆਂ ਹੋਰ ਮੰਗਾਂ ਜਿਵੇਂ ਪਿੰਡ ਵਿੱਚ ਬੱਚਿਆਂ ਲਈ ਪਾਰਕ, ਸਾਂਝੀ ਲਾਇਬਰੇਰੀ ਡਾਕਟਰੀ ਸਹੂਲਤਾਂ ਆਦਿ ਨੂੰ ਛੱਡ ਕੇ ਸਿਰਫ ਤੇ ਸਿਰਫ ਗਲੀਆਂ -_ਨਾਲੀਆਂ ਠੀਕ ਕਰਨ ਦੀ ਮੰਗ ਹਰ ਵਾਰ ਉਠਦੀ ਹੈ। ਅਸੀਂ ਆਜ਼ਾਦੀ ਦੇ 78 ਸਾਲਾਂ ਬਾਅਦ ਵੀ ਗਲੀਆਂ ਨਾਲੀਆਂ ਦਾ ਪ੍ਰਬੰਧ ਨਹੀਂ ਕਰ ਸਕੇ। ਜਿਸ ਕਾਰਨ ਬਾਕੀ ਮੰਗਾਂ ਵਿੱਚ ਹੀ ਰੁਲ ਜਾਂਦੀਆਂ ਹਨ। ਸੋ ਸਾਰੇ ਸਰਪੰਚ ਆਪਣਾ ਫਰਜ਼ ਸਮਝਦੇ ਹੋਏ ਗਲੀਆਂ ਨਾਲੀਆਂ ਦੀ ਮੁਰੰਮਤ ਕਰਕੇ ਪਾਣੀ ਦਾ ਨਿਕਾਸ ਕੀਤਾ ਜਾਵੇ ਉਸ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ, ਸਿਹਤ ਸਹੂਲਤਾਂ ਅਤੇ ਵਿੱਦਿਅਕ ਅਦਾਰਿਆਂ ਦੀ ਸਾਂਭ ਸੰਭਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਸਰਪੰਚਾਂ ਦਾ ਇਹ ਵੀ ਫਰਜ਼ ਬਣਦਾ ਹੈ ਕਿ ਉਹ ਪਿੰਡ ਵਿੱਚ ਹੁਨਰਮੰਦ ਵਿਅਕਤੀ ਜਾਂ ਬੱਚੇ ਜਿਵੇਂ ਕਿ ਕੋਈ ਇੰਜਨੀਅਰ,ਲੇਖਕ,ਸਮਾਜਸੇਵੀ ਅਤੇ ਹੋਰ ਚੰਗਾ ਕੰਮ ਕਰਨ ਵਾਲੇ ਵਿਅਕਤੀਆਂ ਦੀ ਪਹਿਛਾਣ ਕਰਕੇ ਉਹਨਾਂ ਨੂੰ ਉਤਸਾਹਿਤ ਕਰੇ। ਇੱਕ ਚੰਗਾ ਸਰਪੰਚ ਉਹੀ ਮੰਨਿਆ ਜਾਂਦਾ ਹੈ ਜੋ ਪਿੰਡ ਦੇ ਮਸਲੇ ਪਿੰਡ ਪੱਧਰ ਤੇ ਹੀ ਹੱਲ ਕਰਕੇ ਪੁਲਿਸ ਥਾਣਿਆਂ ਵਿੱਚ ਨਾ ਉਲਝਾਵੇ ਪਿੰਡ ਦਾ ਸਰਪੰਚ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਰੇ ਮਸਲੇ ਹੱਲ ਕਰੇ। ਦੇਖਿਆ ਗਿਆ ਹੈ ਕਿ ਬਹੁਤੇ ਪਿੰਡਾਂ ਵਿੱਚ ਸਰਪੰਚਾਂ ਵੱਲੋਂ ਵਿਕਾਸ ਦੀਆਂ ਹਨੇਰੀਆਂ ਲਿਆ ਦਿੱਤੀਆਂ ਗਈਆਂ ਕਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਰਾਜ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।ਕਈ ਪਿੰਡਾਂ ਦੀਆਂ ਪੰਚਾਇਤਾਂ ਬਹੁਤ ਸੋਹਣੇ ਕੰਮ ਕਰਨ ਰਹੀਆਂ ਹਨ ਜਿਨਾਂ ਦੀ ਸ਼ਲਾਘਾ ਕਰਨੀ ਬਣਦੀ ਹੈ। ਅੰਤ ਵਿੱਚ ਮੇਰਾ ਇਹੀ ਕਹਿਣਾ ਹੈ ਕਿ ਸਰਪੰਚ ਦੀ ਚੋਣ ਕਰਨ ਲੱਗਿਆਂ ਬਹੁਤ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖਣਾ ਬਹੁਤ ਜਰੂਰੀ ਹੈ। ਕਿਉਂਕਿ ਜੇਕਰ ਇੱਕ ਪਰਿਵਾਰ ਦਾ ਮੁਖੀਆ ਮਾੜਾ ਹੋਵਾ ਹੋਵੇ ਤਾਂ ਉਹ ਪਰਿਵਾਰ ਤਰੱਕੀ ਨਹੀਂ ਕਰਦਾ ਉਸੇ ਤਰ੍ਹਾਂ ਜੇਕਰ ਪਿੰਡ ਦਾ ਮੁਖੀਆ ਵੀ ਮਾੜਾ ਚੁਣਿਆ ਗਿਆ ਤਾਂ ਪਿੰਡ ਵੀ ਤਰੱਕੀ ਨਹੀਂ ਕਰੇਗਾ।ਸੋ ਸਰਪੰਚ ਅਤੇ ਪੰਚ ਵਧੀਆ ਸ਼ਖਸ਼ੀਅਤ ਦੇ ਮਾਲਕ, ਪੜੇ ਲਿਖੇ, ਸੂਝਵਾਨ,ਦੂਰ ਅੰਦੇਸ਼ੀ ਅਤੇ ਅਗਾਹਵਧੂ ਸੋਚ ਦੇ ਮਾਲਕ ਹੋਣ ਅਤੇ ਉਹ ਪਿੰਡ ਦੇ ਹਰ ਮਸਲੇ ਨੂੰ ਆਪਣੇ ਪਰਿਵਾਰ ਦਾ ਮਸਲਾ ਸਮਝ ਕੇ ਹੱਲ ਕਰਨ। ਉਹ ਆਪਣਾ ਫਰਜ਼ ਸਮਝਣਾ ਕਿ ਜੇਕਰ ਪੂਰੇ ਪਿੰਡ ਨੇ ਸਾਡੇ ਤੇ ਵਿਸ਼ਵਾਸ ਕਰਕੇ ਸਾਨੂੰ ਚੁਣਿਆ ਹੈ ਤਾਂ ਅਸੀਂ ਪਿੰਡ ਨੂੰ ਵਿਕਾਸ ਪੱਖੋਂ ਪਿੱਛੇ ਨਹੀਂ ਰਹਿਣ ਦੇਵਾਂਗੇ।
ਮਾ. ਗੁਰਪਿਆਰ ਸਿੰਘ ਈਟੀਟੀ ਅਧਿਆਪਕ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕੋਟੜਾ ਕੌੜਾ (ਬਠਿੰਡਾ)