ਮਾਨਸਾ 29 ਨਵੰਬਰ ( ਨਾਨਕ ਸਿੰਘ ਖੁਰਮੀ)ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਦੀ ਅਗਵਾਈ ਵਿੱਚ ਜ਼ਿਲਾ ਮਾਨਸਾ ਦੀ ਸਰਕਾਰੀ ਲਾਇਬ੍ਰੇਰੀ ਨੂੰ ਬਚਾਉਣ ਦੇ ਲਈ ਅਤੇ ਪਾਠਕਾਂ ਦੀ ਲੁੱਟ ਦੇ ਖਿਲਾਫ਼ ਪਾਠਕਾਂ ਵੱਲੋਂ ਡੀਸੀ ਮਾਨਸਾ ਨੂੰ ਮੰਗ ਪੱਤਰ ਦਿੱਤਾ ਗਿਆ ਅਤੇ ਸਥਾਨਕ ਬੱਚਤ ਭਵਨ ਮਾਨਸਾ ਵਿੱਚ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਗਈ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਆਇਸਾ ਦੇ ਸੂਬਾ ਆਗੂ ਸੁਖਜੀਤ ਸਿੰਘ ਰਾਮਾਨੰਦੀ, ਮਜ਼ਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ ਗੁਰਸੇਵਕ ਸਿੰਘ ਮਾਨ,ਦਲਿਤ ਮਨੁੱਖੀ ਅਧਿਕਾਰ ਸਭਾ ਵੱਲੋਂ ਐਡਵੋਕੇਟ ਅਜੈਬ ਸਿੰਘ ਗੁਰੂ ਅਤੇ ਜਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਦੇ ਕਨਵੀਨਰ ਸੁਰਿੰਦਰ ਸਿੰਘ ਮਾਨਸਾ ਨੇ ਕਿਹਾ ਕਿ ਪਾਠਕਾਂ ਨੂੰ ਫਰਵਰੀ ਮਹੀਨੇ ਵਿੱਚ ਅੰਬੇਦਕਰ ਭਵਨ ਮਾਨਸਾ ਵਿੱਚ ਬਣੀ ਜ਼ਿਲਾ ਲਾਇਬ੍ਰੇਰੀ ਦੀ ਮੁਰੰਮਤ ਕਰਵਾਉਣ ਦਾ ਬਹਾਨਾ ਬਣਾ ਕੇ ਜ਼ਿਲਾ ਪ੍ਰਸ਼ਾਸਨ ਵੱਲੋਂ ਬਾਹਰ ਕਰਨ ਤੋਂ ਬਾਅਦ ਬੱਚਤ ਭਵਨ ਮਾਨਸਾ ਨੂੰ ਲਾਇਬ੍ਰੇਰੀ ਵਜੋਂ ਮੁੱਹਈਆ ਕਰਵਾ ਦਿੱਤਾ ਗਿਆ ਸੀ,ਪਰ ਹੁਣ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਲਾਇਬ੍ਰੇਰੀ ਲਈ ਪਹਿਲਾਂ ਵਾਲੀ ਇਮਾਰਤ ਰੈੱਡ ਕਰਾਸ ਨੂੰ ਮੁੱਹਈਆ ਕਰਵਾਉਣਾ ਕਹਿ ਕਿ ਸਰਕਾਰੀ ਲਾਇਬ੍ਰੇਰੀ ਲਈ ਮੁੱਹਈਆ ਕਰਵਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ ਹੈ ਅਤੇ ਲਾਇਬ੍ਰੇਰੀ ਦਾ ਨਾਮ ਬਦਲ ਕੇ ਜ਼ਿਲਾ ਯੂਥ ਲਾਇਬ੍ਰੇਰੀ ਰੱਖ ਦਿੱਤਾ ਗਿਆ ਹੈ ਅਤੇ ਪਾਠਕਾਂ ਤੋਂ 500/-ਰੁਪਏ ਪ੍ਰਤੀ ਮਹੀਨਾ ਫੀਸ ਵਸੂਲ ਕਰਨ ਦੀਆਂ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਜਦੋਂਕਿ ਪਹਿਲਾਂ ਪਾਠਕਾਂ ਤੋਂ ਸਿਰਫ 100 ਰੁਪਏ ਵਸੂਲ ਕਰਕੇ ਲਾਇਬ੍ਰੇਰੀ ਕਾਰਡ ਬਣਾਇਆ ਜਾਂਦਾ ਸੀ।ਆਗੂਆਂ ਨੇ ਕਿਹਾ ਕਿ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਸਿੱਖਿਆ ਦੇ ਨਿੱਜੀਕਰਨ ਦੇ ਏਜੰਡੇ ਦੀ ਪੂਰਤੀ ਲਈ ਨਵੀਂ ਸਿੱਖਿਆ ਨੀਤੀ 2020 ਦੁਆਰਾ ਸੂਬੇ ਦੇ ਸਕੂਲਾਂ ਕਾਲਜਾਂ,ਯੂਨੀਵਰਸਿਟੀਆਂ ਦੀਆਂ ਗ੍ਰਾਂਟਾਂ ਉੱਪਰ ਕੱਟ,ਫੰਡ ਕਟੌਤੀ, ਵਿਦਿਆਰਥੀਆਂ ਦੀਆਂ ਫੀਸਾਂ ਵਿੱਚ ਵਾਧਾ,ਵਿੱਦਿਅਕ ਸੰਸਥਾਵਾਂ ਨੂੰ ਖ਼ੁਦਮੁਖ਼ਤਿਆਰ ਕਰਨ,ਚਾਰ ਸਾਲਾ ਗ੍ਰੈਜੂਏਸ਼ਨ ਕੋਰਸ ਲਿਆਉਣ ਦੇ ਨਾਲ-ਨਾਲ ਲਾਇਬ੍ਰੇਰੀਆਂ ਦਾ ਸੰਚਾਲਨ ਕਰਨ ਲਈ ਆਪਣਾ ਹੱਥ ਪਿੱਛੇ ਖਿੱਚ ਰਹੀਆਂ ਹਨ ਅਤੇ ਸੂਬੇ ਦੀਆਂ ਲਾਇਬਰੇਰੀਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀਆਂ ਤਿਆਰੀਆਂ ਮੁਕੰਮਲ ਕਰ ਚੁੱਕੀਆਂ ਹਨ।ਵਿਦਿਆਰਥੀਆਂ ਤੋਂ ਪੜਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ,ਜਿਸ ਦੇ ਖਿਲਾਫ ਪਾਠਕ ਅਤੇ ਵਿਦਿਆਰਥੀ ਸੰਘਰਸ਼ ਕਰਨ ਲਈ ਵਚਨਬੱਧ ਹਨ।
ਆਗੂਆਂ ਨੇ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਜ਼ਿਲੇ ਅੰਦਰ ਪਹਿਲਾਂ ਤੋਂ ਚੱਲ ਰਹੀ ਸਰਕਾਰੀ ਲਾਇਬ੍ਰੇਰੀ ਨੂੰ ਰੈੱਡ ਕਰਾਸ ਨੂੰ ਦੇਣ ਤੋਂ ਤੁਰੰਤ ਰੋਕਿਆ ਜਾਵੇ ਅਤੇ ਪਾਠਕਾਂ ਦੇ ਬੈਠਣ ਲਈ ਅੰਬੇਦਕਰ ਭਵਨ ਮਾਨਸਾ ਵਿਖੇ ਪਹਿਲਾਂ ਵਾਲੀ ਇਮਾਰਤ ਹੀ ਉਪਲੱਬਧ ਕਰਵਾਈ ਜਾਵੇ,ਪਾਠਕਾਂ ਤੋਂ ਫੀਸ ਵਸੂਲ ਕਰਨ ਦੀ ਨੀਤੀ ਵਾਪਸ ਲਈ ਜਾਵੇ ਅਤੇ ਵਿਦਿਆਰਥੀਆਂ ਨੂੰ ਬਿਨਾਂ ਫੀਸ ਤੋਂ ਮੁਫ਼ਤ ਲਾਇਬ੍ਰੇਰੀ ਉਪਲੱਬਧ ਕਰਵਾਈ ਜਾਵੇ ਅਤੇ ਲਾਇਬ੍ਰੇਰੀ ਅੰਦਰ ਆਧੁਨਿਕ ਸਹੂਲਤਾਂ ਦਿੱਤੀਆਂ ਜਾਣ,ਲਾਇਬ੍ਰੇਰੀ ਖੁੱਲੀ ਰਹਿਣ ਦਾ ਸਮਾਂ ਵਧਾਇਆ ਜਾਵੇ ਅਤੇ ਲਾਇਬ੍ਰੇਰੀ ਨੂੰ ਦਿਨ ਰਾਤ ਖੋਲਣ ਦੀ ਵਿਵਸਥਾ ਕੀਤੀ ਜਾਵੇ।ਆਗੂਆਂ ਨੇ ਕਿਹਾ ਕਿ ਜੇਕਰ ਮਸਲੇ ਦਾ ਹੱਲ ਨਾਂ ਕੀਤਾ ਗਿਆ ਤਾਂ ਅਗਲੇ ਦਿਨਾਂ ਵਿੱਚ ਜ਼ਿਲੇ ਦੀਆਂ ਸਮੂਹ ਮਜ਼ਦੂਰ,ਕਿਸਾਨ,ਮੁਲਾਜ਼ਮ,ਦਲਿਤ ਅਤੇ ਜਮਹੂਰੀ ਜਥੇਬੰਦੀਆਂ ਨਾਲ ਮੀਟਿੰਗ ਕਰਕੇ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਬਚਾਉ ਕਮੇਟੀ ਦੇ ਕੋ ਕਨਵੀਨਰ ਸਮਨਪ੍ਰੀਤ ਕੌਰ ਮਾਨਸਾ,ਸਕੱਤਰ ਮਨਵੀਰ ਸਿੰਘ ਮਾਨਸਾ,ਸਹਾਇਕ ਸਕੱਤਰ ਮਨਪ੍ਰੀਤ ਕੌਰ ਮਾਨਸਾ,ਖ਼ਜ਼ਾਨਚੀ ਖੁਸ਼ਹਾਲ ਸਿੰਘ ਬੁਰਜ ਢਿੱਲਵਾਂ,ਸਹਾਇਕ ਖ਼ਜ਼ਾਨਚੀ ਅੰਕਿਤਾ ਮਾਨਸਾ,ਵਰਿੰਦਰ ਮੋਹਨ,ਕਮਲਪ੍ਰੀਤ ਸਿੰਘ,ਗੁਰਦੀਪ ਸਿੰਘ,ਹਰਦੀਪ ਸਿੰਘ,ਗੁਰਸੇਵਕ ਸਿੰਘ ਅਤੇ ਸੰਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਠਕ ਅਤੇ ਵਿਦਿਆਰਥੀ ਹਾਜ਼ਰ ਸਨ।
ਸਰਕਾਰੀ ਜ਼ਿਲਾ ਲਾਇਬਰੇਰੀ ਨੂੰ ਬਹਾਲ ਰੱਖਿਆ ਜਾਵੇ ÷ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ)
Leave a comment