ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਸੁਪਰਵਾਈਜ਼ਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਜਾਇਜ ਮੰਗਾਂ ਦੇ ਜਲਦ ਨਿਪਟਾਰੇ ਦਾ ਦਿੱਤਾ ਭਰੋਸਾ
ਸੁਪਰਵਾਈਜ਼ਰਾਂ ਤੋਂ ਸੀ.ਡੀ.ਪੀ.ਓਜ਼ ਦੀ ਤਰੱਕੀ ਦੇ ਕੇਸ ਜਲਦ ਕਲੀਅਰ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼
ਚੰਡੀਗੜ੍ਹ, 11 ਜਨਵਰੀ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਹਰ ਵਰਗ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ।
ਇਸ ਦਿਸ਼ਾ ਵਿੱਚ ਇਕ ਕਦਮ ਅੱਗੇ ਵਧਾਉਂਦੇ ਹੋਏ ਅੱਜ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ.ਬਲਜੀਤ ਕੌਰ ਵੱਲੋਂ ਆਪਣੇ ਦਫ਼ਤਰ ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਆਲ ਪੰਜਾਬ ਸੁਪਰਵਾਈਜ਼ਰ ਐਸੋਸੀਏਸ਼ਨ ਨਾਲ ਮੀਟਿੰਗ ਕਰਦਿਆਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੁਪਰਵਾਈਜ਼ਰਾਂ ਤੋਂ ਸੀ.ਡੀ.ਪੀ.ਓਜ਼ ਦੀ ਅਸਾਮੀ ਤੇ ਤਰੱਕੀ ਦੇਣ ਬਾਰੇ ਕੇਸ ਜਲਦੀ ਤੋਂ ਜਲਦੀ ਕਲੀਅਰ ਕੀਤੇ ਜਾਣ।
ਇਹ ਮੀਟਿੰਗ ਬੜੇ ਹੀ ਸੁਖਾਵੇਂ ਮਾਹੌਲ ਵਿੱਚ ਹੋਈ। ਡਾ.ਬਲਜੀਤ ਕੌਰ ਨੇ ਦੱਸਿਆ ਹੈ ਕਿ ਆਲ ਸੁਪਰਵਾਈਜ਼ਰ ਐਸੋਸੀਏਸ਼ਨ ਦੀਆਂ ਵੱਖ ਵੱਖ ਮੰਗਾਂ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।
ਸੁਪਰਵਾਈਜ਼ਰ ਐਸੋਸੀਏਸ਼ਨ ਦੇ ਨੁਮਾਇੰਦਿਆਂ ਵੱਲੋ ਸੁਪਰਵਾਈਜ਼ਰਾਂ ਦੀਆਂ ਖ਼ਾਲੀ ਪਈਆਂ ਅਸਾਮੀਆਂ ਭਰਨ, ਸੁਪਰਵਾਈਜ਼ਰਾਂ ਦਾ ਪਰਖਕਾਲ ਦਾ ਸਮਾਂ 3 ਸਾਲ ਤੋਂ ਘਟਾ ਕੇ ਇਕ ਸਾਲ ਕਰਨ ਅਤੇ ਸੁਪਰਵਾਈਜ਼ਰਾਂ ਤੋਂ ਸੀ.ਡੀ.ਪੀ.ਓਜ਼ ਦੀ ਤਰੱਕੀ ਆਦਿ ਮੰਗਾਂ ਨੂੰ ਮੰਤਰੀ ਵੱਲੋਂ ਧਿਆਨ ਨਾਲ ਸੁਣਿਆ ਗਿਆ।
ਡਾ.ਬਲਜੀਤ ਕੌਰ ਨੇ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਧਿਆਨ ਪੂਰਵਕ ਸੁਣਨ ਤੋਂ ਬਾਅਦ ਐਸੋਸੀਏਸ਼ਨ ਨੂੰ ਭਰੋਸਾ ਦਿਵਾਇਆ ਕਿ ਉਹਨਾਂ ਦੀਆਂ ਜਾਇਜ਼ ਮੰਗਾਂ ਨੂੰ ਜਲਦ ਪ੍ਰਵਾਨ ਕਰ ਲਿਆ ਜਾਵੇਗਾ।
ਇਸ ਮੌਕੇ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੇ ਡਿਪਟੀ ਡਾਇਰੈਕਟਰ ਸੁਖਦੀਪ ਸਿੰਘ ਝੱਜ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।