18 ਮਾਰਚ (ਗਗਨਦੀਪ ਸਿੰਘ) ਬਰਨਾਲਾ: ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਬੈਂਕ ਪ੍ਰਬੰਧਕਾਂ ਨੂੰ ਲੋਕ ਸਭਾ ਚੋਣਾਂ-2024 ਮੱਦੇਨਜ਼ਰ ਚੌਕਸ ਰਹਿਣ ਦੀ ਹਦਾਇਤ ਦਿੱਤੀ।
ਇਸ ਗੱਲ ਦਾ ਪ੍ਰਗਟਾਵਾ ਉਨ੍ਹਾਂ ਬਰਨਾਲਾ ਵਿਖੇ ਲੋਕ ਸਭਾ ਚੋਣਾਂ-2024 ਸਬੰਧੀ ਚੋਣ ਜਾਬਤੇ ਦੀ ਪਾਲਣਾ ਯਕੀਨੀ ਕਰਵਾਉਣ ਲਈ ਸਮੂਹ ਬੈਂਕ ਮੈਨੇਜਰ ਸਾਹਿਬਾਨਾਂ, ਈ.ਟੀ.ਓ. (ਆਬਕਾਰੀ), ਇਨਕਮ ਟੈਕਸ ਅਫ਼ਸਰ, ਬਰਨਾਲਾ ਨਾਲ ਮੀਟਿੰਗ ਦੌਰਾਨ ਕੀਤਾ।
ਇਸ ਮੀਟਿੰਗ ਵਿੱਚ ਮਾਨਯੋਗ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਮੂਹ ਬੈਂਕ ਮੈਨੇਜਰਾਂ ਜ਼ਿਲ੍ਹਾ ਬਰਨਾਲਾ ਨੂੰ ਕਿਸੇ ਕਿਸਮ ਦੀਆਂ ਸ਼ੱਕੀ ਪੈਸਿਆਂ ਦੇ ਆਦਾਨ ਪ੍ਰਦਾਨ ਦੌਰਾਨ ਕੀਤੀ ਜਾਣ ਵਾਲੀ ਕਾਰਵਾਈ ਸਬੰਧੀ ਭਾਰਤ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਦੀ ਕਾਪੀ ਦਿੱਤੀ ਗਈ। ਇਸ ਤੋਂ ਇਲਾਵਾ ਸਮੂਹ ਬੈਂਕਾਂ ਵੱਲੋਂ ਨਕਦ ਰਾਸ਼ੀ ਦੀ ਸਾਫ – ਸੁਥਰੀ ਅਤੇ ਸੁਰੱਖਿਅਤ ਟ੍ਰਾਂਸਪੋਰਟੇਸ਼ਨ ਲਈ ਭਾਰਤ ਚੋਣ ਕਮਿਸ਼ਨ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਹਦਾਇਤ ਕੀਤੀ ਗਈ।
ਉਨ੍ਹਾਂ ਕਿਹਾ ਕਿ ਸਮੂਹ ਬੈਂਕ ਆਪਣੀਆਂ ਬਰਾਂਚਾਂ ਨੂੰ ਪਾਬੰਦ ਕਰਨਗੇ ਕਿ ਉਹ ਉਮੀਦਵਾਰਾਂ ਦੇ ਚੋਣਾਂ ਸਬੰਧੀ ਬੈਂਕ ਖਾਤਿਆਂ ਨੂੰ ਖੋਲ੍ਹਣ ਦੀ ਲੋੜੀਂਦੀ ਸਹੂਲਤ ਪਹਿਲ ਦੇ ਆਧਾਰ ਉੱਪਰ ਮੁਹੱਈਆ ਕਰਾਉਣ। ਉਨ੍ਹਾਂ ਕਿਹਾ ਕਿ ਉਮੀਦਵਾਰਾਂ ਵੱਲੋਂ 10000 ਰੁਪਏ ਤੋਂ ਵੱਧ ਦਾ ਕੋਈ ਵੀ ਖ਼ਰਚਾ ਚੈੱਕ, ਡਰਾਫ਼ਟ, ਆਰ.ਟੀ.ਜੀ.ਐੱਸ. ਰਾਹੀਂ ਕੀਤਾ ਜਾਵੇਗਾ। ਚੋਣ ਪ੍ਰਕਿਰਿਆ ਦੌਰਾਨ ਕਿਸੇ ਰਾਜਨੀਤਿਕ ਪਾਰਟੀ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਜਾਂ ਸਪਾਊਸ ਦੇ ਖਾਤੇ ਵਿੱਚੋਂ ਇੱਕ ਲੱਖ ਰੁਪਏ ਤੋਂ ਵੱਧ ਦੀ ਜਮ੍ਹਾਂ ਰੁਪਏ ਜਾਂ ਨਿਕਾਸੀ ਜੋ ਕਿ ਅਸਾਧਾਰਨ ਜਾਂ ਸ਼ੱਕੀ ਲੱਗਦੀ ਹੋਵੇ, ਦੀ ਸੂਚਨਾ ਤੁਰੰਤ ਜ਼ਿਲ੍ਹਾ ਚੋਣ ਦਫ਼ਤਰ ਨੂੰ ਦਿੱਤੀ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਜੇਕਰ ਕਿਸੇ ਦੇ ਵੀ ਬੈਂਕ ਖਾਤੇ ਵਿੱਚੋਂ ਨਕਦ ਜਮ੍ਹਾਂ ਜਾਂ ਨਿਕਾਸੀ ਦੀ ਰਕਮ 10 ਲੱਖ ਰੁਪਏ ਤੋਂ ਵੱਧ ਹੈ ਤਾਂ ਇਸ ਦੀ ਸੂਚਨਾ ਵੀ ਜ਼ਿਲ੍ਹਾ ਚੋਣ ਦਫ਼ਤਰ ਨੂੰ ਭੇਜੀ ਜਾਵੇ ਤਾਂ ਜੋ ਇਹ ਸੂਚਨਾ ਆਮਦਨ ਕਰ ਵਿਭਾਗ ਦੇ ਨੋਡਲ ਅਫ਼ਸਰ ਨੂੰ ਇਨਕਮ ਟੈਕਸ ਨਿਯਮਾਂ ਮੁਤਾਬਕ ਬਣਦੀ ਲੋੜੀਂਦੀ ਕਾਰਵਾਈ ਹਿੱਤ ਭੇਜੀ ਜਾ ਸਕੇ।
ਉਨ੍ਹਾਂ ਕਿਹਾ ਕਿ ਬੈਂਕ ਇਹ ਗੱਲ ਯਕੀਨੀ ਬਣਾਉਣਗੇ ਕਿ ਆਊਟਸੋਰਸਡ ਏਜੰਸੀਜ਼/ਕੰਪਨੀਜ਼ ਦੀਆਂ ਕੈਸ਼ ਵੈਨਜ਼ ਜੋ ਕਿ ਬੈਂਕਾਂ ਦਾ ਕੈਸ਼ ਲੈ ਕੇ ਚੱਲਦੀਆਂ ਹਨ, ਕਿਸੇ ਵੀ ਹਾਲਤ ਵਿੱਚ ਸਿਵਾਏ ਬੈਂਕਾਂ ਤੋਂ ਕਿਸੇ ਵੀ ਥਰਡ ਪਾਰਟੀ/ਏਜੰਸੀ ਜਾਂ ਵਿਅਕਤੀ ਦਾ ਕੈਸ਼ ਲੈ ਕੇ ਨਹੀਂ ਚੱਲਣਗੀਆਂ। ਇਸ ਸਬੰਧੀ ਆਊਟਸੋਰਸ ਏਜੰਸੀਜ਼/ਕੰਪਨੀਜ਼ ਬੈਂਕ ਵੱਲੋਂ ਜਾਰੀ ਈ.ਐਸ.ਐਮ.ਐਸ. ਤੇ ਕਿਊ ਆਰ. ਰਸੀਦ ਨਾਲ ਲੈ ਕੇ ਚੱਲਣਗੀਆਂ, ਜਿਸ ਵਿੱਚ ਬੈਂਕਾਂ ਵੱਲੋਂ ਜਾਰੀ ਨਕਦੀ/ਡਰਾਈਵਰ ਆਦਿ ਦਾ ਵੇਰਵਾ ਹੋਵੇਗਾ ਅਤੇ ਇਨ੍ਹਾਂ ਕੈਸ਼ ਵੈਨਜ਼ ਵੱਲੋਂ ਏ.ਟੀ.ਐਮ. ਵਿੱਚ ਪੈਸੇ ਭਰਨ ਲਈ ਜਾਂ ਬੈਂਕ ਦੀਆਂ ਹੋਰ ਦੂਸਰੀਆਂ ਬਰਾਂਚਾਂ ਵਿੱਚ ਪੈਸੇ ਦੇਣ ਲਈ ਜਾਂ ਦੂਸਰੇ ਬੈਂਕ ਵਿੱਚ ਜਾਂ ਕਰੰਸੀ ਕੈਸ਼ ਵਿੱਚ ਪੈਸੇ ਦੇਣ ਦਾ ਪੂਰਾ ਵੇਰਵਾ ਦਿੱਤਾ ਜਾਵੇਗਾ।
ਜ਼ਿਲ੍ਹਾ ਚੋਣ ਅਧਿਕਾਰੀ ਨੇ ਕਿਹਾ ਕਿ ਆਊਟਸੋਰਸਡ ਏਜੰਸੀਜ਼/ਕੰਪਨੀਜ਼ ਦੀਆਂ ਕੈਸ਼ ਵੈਨਜ਼ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਉਨ੍ਹਾਂ ਦੀ ਸਬੰਧਿਤ ਏਜੰਸੀਜ਼ ਬਕਾਇਦਾ ਤੌਰ ਤੇ ਸ਼ਨਾਖ਼ਤੀ ਕਾਰਡ ਜਾਰੀ ਕੀਤੇ ਜਾਣਗੇ। ਜੇਕਰ ਚੋਣ ਕਮਿਸ਼ਨ ਵੱਲੋਂ ਨਿਯੁਕਤ ਕੋਈ ਵੀ ਅਧਿਕਾਰੀ ਜੇਕਰ ਕਿਸੇ ਆਊਟਸੋਰਸ ਏਜੰਸੀ/ਕੰਪਨੀ ਦੀ ਕੈਸ਼ ਵੈਨ ਨੂੰ ਇੰਸਪੈਕਸ਼ਨ ਦੌਰਾਨ ਰੋਕ ਲੈਂਦਾ ਹੈ ਤਾਂ ਸਹਿਯੋਗ ਕਰਨਾ ਜ਼ਰੂਰੀ ਹੋਵੇਗਾ। ਮੀਟਿੰਗ ਵਿੱਚ ਹਾਜ਼ਰ ਸਮੂਹ ਬੈਂਕ ਪ੍ਰਬੰਧਕਾਂ ਨੇ ਜ਼ਿਲ੍ਹਾ ਚੋਣ ਅਫ਼ਸਰ ਨੂੰ ਹਰ ਸਹਿਯੋਗ ਕਰਨ ਦਾ ਭਰੋਸਾ ਦਿੱਤਾ।
ਇਸ ਦੌਰਾਨ ਆਬਕਾਰੀ ਵਿਭਾਗ ਦੇ ਮੁਖੀਆਂ ਨੂੰ ਵੀ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਕਾਪੀ ਇਂਨ-ਬਿੰਨ ਪਾਲਣਾ ਹਿੱਤ ਦਿੱਤੀ ਗਈ। ਰਿਪੋਰਟਾਂ ਇਕੱਠੀ ਕਰਨ ਲਈ ਪ੍ਰੋਫਾਰਮੇ ਮੁਹੱਈਆ ਕਰਵਾਏ ਗਏ। ਇਸ ਮੌਕੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਅਨੁਪ੍ਰਿਤਾ ਜੌਹਲ, ਆਬਕਾਰੀ ਅਫ਼ਸਰ, ਈ.ਟੀ.ਓ. ਜੀ.ਐਸ.ਟੀ. ਵਿਭਾਗ ਅਤੇ ਵੱਖ ਵੱਖ ਬੈਂਕਾਂ ਦੇ ਮੈਨੇਜਰ ਸਮੇਤ ਚੋਣ ਤਹਿਸੀਲਦਾਰ ਸ਼੍ਰੀ ਰਾਮਜੀ ਲਾਲ ਮੌਜੂਦ ਸਨ।