ਸੰਦੀਪ ਕੁਮਾਰ (ਹਿੰਦੀ ਅਧਿਆਪਕ )
9464310900
—-“ਬਾਬਾ ਸਾਹਿਬ”ਨਾਂ ਤੋਂ ਲੋਕਾਂ ਦੇ ਦਿਲਾਂ ਤੇ ਰਾਜ ਕਰਨ ਵਾਲੇ ਭੀਮ ਰਾਓ ਅੰਬੇਡਕਰ ਜੀ ਲੋਕਾਂ ਦੇ ਮਸੀਹਾ,ਦਲਿਤ ਨੇਤਾ,ਸਿੱਖਿਆ ਸ਼ਾਸਤਰੀ, ਅਰਥਸ਼ਾਸਤਰੀ,ਕਾਨੂੰਨ ਮਾਹਰ,ਰਾਜਨੀਤਿਕ, ਸਮਾਜ ਸੁਧਾਰਕ, ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਤੇ ਨਿਆ ਮੰਤਰੀ, ਸੰਪਾਦਕ,ਭਾਰਤੀ ਸੰਵਿਧਾਨ ਦੇ ਨਿਰਮਾਤਾ ਸਨ| ਸਦੀਆਂ ਤੋਂ ਦਾਸ ਬਣਾਏ ਤੇ ਜ਼ੁਲਮ ਸਹਿ ਰਹੇ ਲੋਕਾਂ ਲਈ ਕੁੱਲੀ ਗੁੱਲੀ ਤੇ ਜੁੱਲੀ ਦੀ ਲੜਾਈ ਲੜਦੇ ਰਹੇ| ਉਨਾਂ ਕੋਲ 8 ਡਿਗਰੀਆਂ ਸਨ ਜਿਨਾਂ ਵਿੱਚ ਚਾਰ ਡਾਕਟਰੇਟ ਦੀ ਡਿਗਰੀ ਸੀ ਅਤੇ ਨੌ ਭਾਸ਼ਾਵਾਂ ( ਯੂਰੋਪੀ ਅਤੇ ਸੰਸਕ੍ਰਿਤ ਤੋਂ ਇਲਾਵਾ ਅਨੇਕਾਂ ਭਾਰਤੀ ਭਾਸ਼ਾਵਾਂ ਦਾ ਗਿਆਨ ਸੀ ) ਦੱਖਣੀ ਏਸ਼ੀਆ ਦੇ ਪਹਿਲੇ ਵਿਅਕਤੀ ਜਿਨਾਂ ਨੂੰ ਅਰਥ ਸ਼ਾਸਤਰ ਵਿੱਚ ਪੀ ਐੱਚ.ਡੀ. ਦੀ ਉਪਾਧੀ ਮਿਲੀ| ਉਨਾਂ ਦਾ ਜੱਦੀ ਪਿੰਡ ਮਹਾਰਾਸ਼ਟਰ ਰਾਜ ਵਿੱਚ ਅੰਬਾਵੱਡੇ ਸੀ|ਬੜੋਦਾ ਰਿਆਸਤ ਦੀ ਛਾਉਣੀ ‘ਮਹੂ’ ਵਿਖੇ ਉਹਨਾਂ ਦਾ ਜਨਮ 14 ਅਪ੍ਰੈਲ 1891 ਨੂੰ ਪਿਤਾ ਰਾਮ ਜੀ ਮਾਲੋਜੀ ਸਕਪਾਲ ਮਾਤਾ ਭੀਮਾ ਬਾਈ ਦੇ ਘਰ ਹੋਇਆ| ਆਪ ਆਪਣੇ ਮਾਤਾ ਪਿਤਾ ਦੇ ਸਭ ਤੋਂ ਛੋਟੇ ਲਾਡਲੇ ਚੌਦਵੇਂ ਬੱਚੇ ਸਨ |ਭੀਮਾ ਬਾਈ ਆਪ ਨੂੰ ਪੜ੍ਹਾ ਕੇ ਉੱਚੇ ਅਹੁਦਿਆਂ ਤੇ ਪਹੁੰਚਾਉਣਾ ਚਾਹੁੰਦੇ ਸਨ| ਛੋਟੇ ਹੁੰਦਿਆਂ ਮਾਤਾ ਜੀ ਦਾ ਦੇਹਾਂਤ ਹੋ ਗਿਆ ਜਿਸ ਤੋਂ ਆਪ ਬਹੁਤ ਉਦਾਸ ਰਹਿਣ ਲੱਗੇ| ਜਦੋਂ ਆਪ ਸਕੂਲ ਗਏ ਤਾਂ ਉੱਥੇ ਆਪ ਨਾਲ ਵਿਤਕਰਾ ਕੀਤਾ ਜਾਂਦਾ ਸੀ|ਸਕੂਲ ਵਿੱਚ ਬੱਚਿਆਂ ਨਾਲ ਭਿੱਟ ਛੋਹ ਹੁੰਦੀ ਤੇ ਊਚ ਨੀਚ ਵੇਖੀ| ਉੱਚ ਜਾਤੀਆਂ ਦੇ ਵਿਦਿਆਰਥੀਆਂ ਤੋਂ ਦੂਰ ਸਭ ਤੋਂ ਪਿੱਛੇ ਬੈਠਦੇ| ਜਾਤ -ਪਾਤ ਕਰਕੇ ਹੀ ਆਪ ਪਾਣੀ ਤੋਂ ਪਿਆਸੇ ਰਹਿ ਜਾਂਦੇ ਅਤੇ ਖੇਡਾਂ ਤੋਂ ਵਾਂਝੇ ਰਹਿ ਜਾਂਦੇ| ਬਚਪਨ ਵਿੱਚ ਹੀ ਇਹਨਾਂ ਗੱਲਾਂ ਨੇ ਉਹਨਾਂ ਅੰਦਰ ਘਰ ਕਰ ਲਿਆ ਉਹ ਅਕਸਰ ਸੋਚਦੇ ਸਨ ਕਿ ਉਹ ਦੂਜੇ ਬੱਚਿਆਂ ਨਾਲੋਂ ਕਿਸ ਗੱਲ ਤੋਂ ਘੱਟ ਹੈ ਇਹਨਾਂ ਗੱਲਾਂ ਤੋਂ ਉਹ ਅਕਸਰ ਉਦਾਸ ਹੋ ਆਪਣੇ ਮਾਂ ਨੂੰ ਆਵਾਜ਼ਾਂ ਮਾਰਨ ਲੱਗ ਪੈਂਦੇ ਸਨ | ਆਪ ਨੇ ਇਹ ਸੋਚ ਲਿਆ ਕਿ ਇੱਕ ਦਿਨ ਸਮਾਜ ਵਿੱਚੋਂ ਜਾਤ- ਪਾਤ ਦੀ ਕੁਰੀਤੀ ਦਾ ਨਾਮੋ-ਨਿਸ਼ਾਨ ਮਿਟਾ ਦੇਵਾਂਗਾ ਅਤੇ ਧਰਮ ਅਚਾਰੀਆਂ ਨੂੰ ਦੱਸਾਂਗਾ ਕਿ ਧਰਮ ਊਚ ਨੀਚ ਨਹੀਂ ਸਿਖਾਉਂਦਾ| 1907 ਵਿੱਚ ਆਪ ਨੇ ਦਸਵੀਂ ਪਾਸ ਕਰ ਲਈ ਬਚਪਨ ਵਿੱਚ ਹੀ ਆਪ ਬਹੁਤ ਕਿਤਾਬਾਂ ਪੜ੍ਹਦੇ ਸਨ|’ਮਹਾਤਮਾ’ ਬੁੱਧ ਬਾਰੇ ਇੱਕ ਪੁਸਤਕ ਪੜ੍ਹ ਕੇ ਭੀਮ ਰਾਓ ਨੇ ‘ਬੁੱਧ ਜੀ ਦਾ ‘ਸਮਾਜਿਕ ਬਰਾਬਰੀ’ ਦੇ ਸਿਧਾਂਤ ਨੂੰ ਮਨ ਵਿੱਚ ਵਸਾ ਲਿਆ| ਕਾਲਜ ਦੀ ਪੜ੍ਹਾਈ ਐਲਫਿੰਸਟੋਨ’ ਕਾਲਜ ਵਿੱਚ ਕੀਤੀ|ਬੜੋਦਾ ਰਿਆਸਤ ਦੇ ਮਹਾਰਾਜਾ ਸੀਆ ਜੀ ਰਾਓ ਗਾਇਕ ਵਾੜ ਨੇ ਭੀਮ ਰਾਓ ਅੰਬੇਡਕਰ ਨੂੰ ਮਹੀਨਾ ਵਾਰ ਵਜ਼ੀਫਾ ਲਾ ਦਿੱਤਾ।1912 ਵਿੱਚ ਆਪ ਨੇ ਬੀਏ ਪਾਸ ਕੀਤੀ|ਆਪ ਦੀ ਉਚੇਰੀ ਪੜ੍ਹਾਈ ਕਰਨ ਦੀ ਇੱਛਾ ਸੀ|ਮਹਾਰਾਜ ਬੜੋਦਾ ਨੇ ਆਪ ਦੇ ਦਿਲ ਦੀ ਆਵਾਜ਼ ਸੁਣ ਲਈ ਅਤੇ ਮਹਾਰਾਜ ਸੀਆ ਜੀ ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਪੜ੍ਹਾਈ ਲਈ ਅਮਰੀਕਾ ਭੇਜਣਾ ਚਾਹੁੰਦੇ ਸਨ|ਇਹਨਾਂ ਵਿੱਚ ਪਹਿਲਾਂ ਨਾਂ ਬੀ.ਆਰ.ਅੰਬੇਡਕਰ ਸੀ|1913 ਵਿੱਚ ਆਪ ਅਮਰੀਕਾ ਪਹੁੰਚ ਗਏ|’ਕੋਲੰਬੀਆ ਯੂਨੀਵਰਸਿਟੀ’ ਤੋਂ ਆਪ ਨੇ ਐੱਮ.ਏ. ਦੀ ਡਿਗਰੀ ਪਾਸ ਕੀਤੀ|ਇੱਥੇ ਅੰਬੇਡਕਰ ਜੀ ਨੂੰ ਚੰਗਾ ਮਾਹੌਲ ਮਿਲ ਗਿਆ ਇੱਥੇ ਭਿੱਟ ਛੋਹ ਦੀ ਕੋਈ ਸਮੱਸਿਆ ਨਹੀਂ ਸੀ|1916 ਵਿੱਚ ਆਪ ਨੇ ਪੀ.ਐੱਚ .ਡੀ. ਦੀ ਡਿਗਰੀ ਪ੍ਰਾਪਤ ਕੀਤੀ1922 ਵਿੱਚ ਡਾਕਟਰ ਅੰਬੇਡਕਰ ਨੇ ‘ਲੰਡਨ ਯੂਨੀਵਰਸਿਟੀ’ ਤੋਂ ਪੀ.ਐੱਚ.ਡੀ. ਦੀ ਦੂਜੀ ਡਿਗਰੀ ਪ੍ਰਾਪਤ ਕੀਤੀ|ਆਪ ਜੀ ਨੂੰ ਬੜੋਦਾ ਰਿਆਸਤ ਵਿੱਚ ਨੌਕਰੀ ਕਰਨੀ ਸੀ ਪਹਿਲੀ ਨਿਯੁਕਤੀ ਫੌਜ ਦੇ ਸਕੱਤਰ ਵਜੋਂ ਹੋਈ ਪ੍ਰੰਤੂ ਇਸ ਨੌਕਰੀ ਦੌਰਾਨ ਰਿਆਸਤ ਦੇ ਉੱਚ ਜਾਤੀ ਕਰਮਚਾਰੀਆਂ ਦਾ ਵਤੀਰਾ ਦੇਖ ਅਤੇ ਜਾਤ -ਪਾਤ, ਛੂਤ- ਛਾਤ ਦੇ ਬੋਲ ਬਾਲੇ ਦਾ ਸਾਹਮਣਾ ਕਰਨਾ ਪਿਆ| ਇਸ ਤੋਂ ਇਲਾਵਾ ਅੰਬੇਡਕਰ ਜੀ ਨੇ ਜੀਵਨ ਗੁਜਾਰੇ ਲਈ ਵੱਖ ਵੱਖ ਕੰਮ ਕੀਤੇ ਉੱਤਰ ਪੱਤਰੀਆਂ ਚੈੱਕ ਕਰਨਾ,ਬਿਜਨਸਮੈਨ ਵੀ ਆਪ ਤੋਂ ਸਲਾਹਾਂ ਲੈਂਦੇ ਸਨ ਪਰ ਉਹ ਸਮਾਜ ਨੂੰ ਸੁਧਾਰਨਾ ਚਾਹੁੰਦੇ ਸਨ ਤੇ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨਾ ਚਾਹੁੰਦੇ ਸਨ ਦੇ ਕਾਲਜ ਵਿੱਚ ਪ੍ਰੋਫੈਸਰ ਨਿਯੁਕਤੀ ਮਿਲੀ ਪਰ ਇੱਥੇ ਵੀ ਉਹੀ ਹਾਲ ਸੀ ਉਹਨਾਂ ਨੂੰ ਅਹਿਸਾਸ ਹੋ ਗਿਆ ਸੀ ਕਿ ਨੌਕਰੀ ਨਾਲ ਕੇਵਲ ਆਪਣੀ ਜੀਵਨ ਰੇਖਾ ਵਿੱਚ ਸੁਧਾਰ ਹੋਵੇਗਾ ਉਹ ਤਾਂ ਸਮਾਜ ਕਲਿਆਣ ਚਾਹੁੰਦੇ ਸਨ| ਉਹਨਾਂ ਅਮਰੀਕਾ ਤੇ ਇੰਗਲੈਂਡ ਦੇ ਚੰਗੇ ਅਗਾਂਹਵਧੂ ਵਾਤਾਵਰਨ ਵਿੱਚ ਮਾਨਵ ਅਧਿਕਾਰਾਂ ਨੂੰ ਪੜ੍ਹਿਆ ਤੇ ਇਸਨਾਲ ਉਹ ਭਾਰਤ ਦੇ ਦੱਬੇ ਕੁਚਲੇ ਸਮਾਜ ਨੂੰ ਉੱਪਰ ਚੁੱਕਣਾ ਚਾਹੁੰਦੇ ਸੀ|ਇਸ ਲਈ ਉਹਨਾਂ ਨੇ ਆਪਣਾ ਪਹਿਲਾ ਅਖਬਾਰ “ਮੂਕਨਾਇਕ” ਕੱਢਣਾ ਸ਼ੁਰੂ ਕੀਤਾ| “ਮੂਕਨਾਇਕ” ਘਰ ਘਰ ਪਹੁੰਚਿਆ ਇਸ ਨਾਲ ਜਨਤਾ ਵਿੱਚ ਜਾਗਰਤੀ ਦੀ ਇੱਕ ਲਹਿਰ ਦਾ ਆਗਾਜ਼ ਹੋ ਗਿਆ|ਆਪ ਹਰ ਘਟਨਾ ਦੀ ਤਹਿ ਤੱਕ ਜਾਂਦੇ ਤੇ ਸੰਪਾਦਕੀ ਟਿੱਪਣੀਆਂ ਵਿੱਚ ਵਿਸਥਾਰ ਸਹਿਤ ਲਿਖਦੇ|ਇਹਨਾਂ ਲੇਖਾਂ ਨਾਲ ਉਹਨਾਂ ਦੇ ਸਮਾਜ ਦੀ ਸ਼ਕਤੀ ਵੱਧਦੀ ਗਈ| ਡਾਕਟਰ ਅੰਬੇਡਕਰ ਜੀ ਨੇ ‘ਵੋਟ ਦਾ ਅਧਿਕਾਰ’ ਲਈ ਬਣਾਏ ਕਮੇਟੀ ਅੱਗੇ ਦਾਅਵਾ ਪੇਸ਼ ਕਰਦੇ ਹੋਏ ਤੱਥਾਂ ਦੀ ਆਧਾਰ ਤੇ ਦੱਸਿਆ ਕਿ ਉਹਨਾਂ ਨੂੰ (ਬਹੁ ਗਿਣਤੀ ਵਸਦੇ ਲੋਕਾਂ ਨੂੰ ਵੋਟ ਦਾ ਹੱਕ ਦੇਣਾ) ਬਣਦਾ ਹੈ|ਇਸ ਕੰਮ ਲਈ ਉਹਨਾਂ ਦੀ ਗਵਾਹੀ ਬਹੁਤ ਅਸਰਦਾਰ ਸਾਬਤ ਹੋਈ |ਆਪਣੇ ਪਹਿਲੇ ਭਾਸ਼ਣ ਵਿੱਚ ਉਹਨਾਂ ਦਬਾਅ ਤੇ ਗੁਲਾਮੀ ਵਿੱਚੋਂ ਛੁਟਕਾਰਾ ਪਾਉਣ ਲਈ ਇੱਕੋ ਇੱਕ ਢੰਗ ਦੱਸਿਆ “ਵਿਦਿਆ ਦੀ ਪ੍ਰਾਪਤੀ “| ਆਮ ਤੇ ਖਾਸ ਲੋਕਾਂ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ “ਬਹਿਸ਼ਕ੍ਰਿਤ ਹਿੱਤਕਾਰੀ ਸਭਾ” ਬਣਾਈ| ਜਿਸ ਦਾ ਮੰਤਵ ਸੀ ਸਕੂਲ ਕਾਲਜ ਤੇ ਹੋਸਟਲ ਖੋਲੇ ਜਾਣ ਤਾਂ ਜੋ ਸਾਰੇ ਲੋਕ ਪੜ੍ਹ ਲਿਖ ਸਕਣ|ਕੰਮ ਧੰਦੇ ਸਿਖਾਉਣ, ਲਾਇਬ੍ਰੇਰੀਆਂ ਸਥਾਪਿਤ ਕਰਨ ਤੇ ਘਰੇਲੂ ਸਮੱਸਿਆ ਦੇ ਹੱਲ ਕੀਤੇ ਜਾਣ|ਇਸ ਸੰਸਥਾ ਤਹਿਤ ਉਹ ਬਸਤੀਆਂ ਵਿੱਚ ਜਾਂਦੇ ਤੇ ਲੋਕਾਂ ਨੂੰ ਪ੍ਰੇਰਿਤ ਕਰਦੇ ਬੱਚਿਆਂ ਦੀ ਪੜ੍ਹਾਈ ਲਈ ਦੱਸਦੇ ਇੱਜਤ ਨਾਲ ਕਿਵੇਂ ਜਿਉਣਾ ਇਹ ਵੀ ਦੱਸਦੇ|ਡਾਕਟਰ ਅੰਬੇਡਕਰ ਬੈਰਿਸਟਰ ਹੋ ਗਏ ਮੁੰਬਈ ਵਿੱਚ ਵਕਾਲਤ ਕਰਦੇ ਹੋਏ ਗਰੀਬ ਲੋਕਾਂ ਦੇ ਮੁਕਦਮੇ ਮੁਫਤ ਲੜਦੇ ਅਤੇ ਲੋਕਾਂ ਦੀ ਸਮੱਸਿਆਵਾਂ ਦਾ ਹੱਲ ਦੱਸਦੇ| ਡਾਕਟਰ ਅੰਬੇਡਕਰ ਜੀ ਨੇ ਬੁੰਬਈ ਵਿਧਾਨ ਪ੍ਰੀਸ਼ਦ ਦੇ ਮੈਂਬਰ ਵਜੋਂ ਪਹਿਲੇ ਇਜਲਾਸ ਵਿੱਚ 24 ਫਰਵਰੀ 1927 ਨੂੰ ਬੋਲਦੇ ਕਿਹਾ ਕਿ ਸਰਕਾਰ ਪੱਛੜੀਆਂ ਸ਼੍ਰੇਣੀਆਂ ਦੀ ਹਾਲਤ ਸੁਧਾਰਨ ਲਈ ਆਰਥਿਕ ਸਹੂਲਤਾਂ ਦੇਣ, ਪੁਲਿਸ ਵਿੱਚ ਭਰਤੀ ਕਰਨ ਬਾਰੇ ਗੱਲਬਾਤ ਕੀਤੀ ਅਤੇ ਕਿਹਾ ਕਿ ਸੈਨੇਟ ਵਿੱਚ ਪਛੜੇ ਵਰਗਾਂ ਦੇ ਮੈਂਬਰ ਹੋਣ | 3 ਅਗਸਤ 1928 ਨੂੰ ਕਮਿਸ਼ਨ ਨੂੰ ਮਿਲਣ ਤੇ ਮੰਗ ਪੱਤਰ ਦਿੱਤਾ ਕਿ ਬੁੰਬਈ ਵਿਧਾਨ ਪ੍ਰੀਸ਼ਦ ਦੀਆਂ 180 ਸੀਟਾਂ ਵਿੱਚੋਂ 22 ਸੀਟਾਂ ਗਰੀਬ ਦੇ ਪਛੜੇ ਵਰਗ ਨੂੰ ਦਿੱਤੀਆਂ ਜਾਣ | ਇੱਕ ਵਿਸ਼ੇਸ਼ ਗੱਲ ਕਿ ਫੌਜ, ਪੁਲਿਸ ਤੇ ਜਲ ਸੈਨਾ ਵਿੱਚ ਵੀ ਭਰਤੀ ਕੀਤੀ ਜਾਵੇ, ਹਰ ਬਾਲਕ ਨੂੰ ਵੋਟ ਪਾਉਣ ਦਾ ਅਧਿਕਾਰ ਮਿਲੇ| ਗੋਲਮੇਜ ਕਾਨਫਰੰਸ ਵਿੱਚ ਮਾਨਵੀ ਅਧਿਕਾਰਾਂ ਲਈ ਸੰਘਰਸ਼ ਕੀਤੇ ਗਏ ਤੇ ਲੋਕਾਂ ਦੇ ਹੱਕਾਂ ਲਈ ਲੋਕਾਂ ਤੇ ਸਦੀਆਂ ਤੋਂ ਚੱਲੇ ਆ ਰਹੇ ਅਨਿਆਂ ਬਾਰੇ ਦੱਸਿਆ|ਉਹਨਾਂ ਕਿਹਾ ਕਿ ਉਹ ਲੋਕਤੰਤਰ ਸਰਕਾਰ ਚਾਹੁੰਦੇ ਹਨ ਜਿਹਦੇ ਵਿੱਚ ਹਰ ਵਰਗ ਦੇ ਲੋਕ ਭਾਗ ਲੈ ਸਕਣ|ਡਾਕਟਰ ਸਾਹਿਬ ਹਰ ਕਮੇਟੀ,ਮੀਟਿੰਗ,ਕਾਨਫਰੰਸ ਤੇ ਇਕੱਠ ਵਿੱਚ ਪਿਛੜੇ ਲੋਕਾਂ ਦੇ ਹੱਕਾਂ ਦਾ ਏਜੰਡਾ ਜਰੂਰ ਰੱਖਦੇ | ਭਾਵੇਂ ਉਹ ਮਾਨਵੀ ਅਧਿਕਾਰਾਂ ਦੀ ਲੜਾਈ ਲੜਦੇ ਪਰ ਦੇਸ਼ ਦੀ ਆਜ਼ਾਦੀ ਦੀ ਲੜਾਈ,ਦੇਸ਼ ਵਾਸੀ ਲਈ ਸਵੈ ਸਰਕਾਰ ਬਣਾਉਣ ਬਾਰੇ ਪੂਰੀ ਤਰ੍ਹਾਂ ਸੁਚੇਤ ਸਨ|ਅਖੀਰ 15 ਅਗਸਤ 1947 ਨੂੰ ਉਹ ਸਵੇਰ ਆਈ ਦੇਸ਼ ਆਜ਼ਾਦ ਹੋਇਆ| ਆਜ਼ਾਦ ਭਾਰਤ ਵਿੱਚ ਪਹਿਲੇ ਮੰਤਰੀ ਮੰਡਲ ਵਿੱਚ ਬਾਬਾ ਸਾਹਿਬ ਨੂੰ ਕਾਨੂੰਨ ਮੰਤਰੀ ਬਣਾਇਆ ਗਿਆ 29 ਅਗਸਤ 1947 ਨੂੰ ਵਿਧਾਨ ਦੀ ਖਰੜਾ ਕਮੇਟੀ ਦਾ ਮੁਖੀ ਬਣਾਇਆ ਗਿਆ| ਉਹਨਾਂ ਬੜੀ ਸ਼ਿੱਦਤ ਨਾਲ ਇਸ ਕੰਮ ਨੂੰ ਨੇਪਰੇ ਚਾੜਿਆ| ਨਵੰਬਰ 1949 ਪਾਰਲੀਆਮੈਂਟ ਨੇ ਸੰਵਿਧਾਨ ਪਾਸ ਕੀਤਾ ਤੇ 26 ਜਨਵਰੀ 1950 ਤੋਂ ਸੰਵਿਧਾਨ ਲਾਗੂ ਹੋਣ ਤੇ ਭਾਰਤ ਇੱਕ ਗਣਤੰਤਰ ਦੇਸ਼ ਬਣ ਗਿਆ|ਉਹਨਾਂ ਕਿਹਾ ਕਿ ” ਮੇਰੀ ਵਫਾਦਾਰੀ ਦਾ ਇਸ ਤੋਂ ਵੱਡਾ ਸਬੂਤ ਹੋਰ ਕੀ ਹੋ ਸਕਦਾ ਹੈ ਕਿ ਮੈਂ ਸਮੁੱਚੇ ਭਾਰਤ ਨੂੰ ਧਿਆਨ ਵਿੱਚ ਰੱਖ ਕੇ ਇਹ ਮਹੱਤਵਪੂਰਨ ਕਾਰਜ ਕੀਤਾ ਹੈ|” ਲੋਕਾਂ ਦੇ ਜੀਵਨ ਵਿੱਚ ਰੋਸ਼ਨੀ ਕਰਨ ਵਾਲਾ ਉਹ ਸੂਰਜ ਛੇ ਦਸੰਬਰ 1956 ਦੀ ਸਵੇਰ ਹੁੰਦਿਆਂ ਹੀ ਅਸਤ ਹੋ ਗਿਆ| ਪੂਰੇ ਦੇਸ਼ ਵਿੱਚ ਮਾਤਮ ਛਾ ਗਿਆ| ਲੱਖਾਂ ਲੋਕ ਇਸ ਮਹਾਨ ਨਾਇਕ,ਲੋਕ ਮਸੀਹ ਨੂੰ ਸ਼ਰਧਾਂਜਲੀ ਦੇਣ ਪੁੱਜ ਗਏ ਸਨ | ਭਾਰਤਵਾਸੀ ਬਾਬਾ ਸਾਹਿਬ ਦੇ ਯੋਗਦਾਨ ਲਈ ਹਮੇਸ਼ਾ ਉਹਨਾਂ ਦੇ ਰਿਣੀ ਰਹਿਣਗੇ | ਕਰੋੜਾਂ ਦੀ ਹਨੇਰੀ ਜ਼ਿੰਦਗੀ ਨੂੰ ਰੋਸ਼ਨ ਕਰਨ ਵਾਲਾ ਸੂਰਜ ਰਹਿੰਦੀ ਦੁਨੀਆਂ ਤੱਕ ਅਮਰ ਰਹੇਗਾ|