ਮੌੜ ਹਲਕੇ ਵਿਚ ਨੁੱਕੜ ਮੀਟਿੰਗਾਂ ਨੂੰ ਕੀਤਾ ਸੰਬੋਧਨ
ਬਠਿੰਡਾ , 18 ਅਪ੍ਰੈਲ ( ਰਾਜਦੀਪ ਜੋਸ਼ੀ ) ਮੌੜ ਮੰਡੀ: ਪੰਜਾਬ ਦੀ ਆਪ ਸਰਕਾਰ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਵਿਸ਼ੇਸ਼ ਯਤਨ ਕਰ ਰਹੀ, ਜਿਸ ਤਹਿਤ ਹੀ 600 ਯੂਨਿਟ ਬਿਜਲੀ ਮੁਫਤ ਦੇਣ ਦੇ ਨਾਲ ਨਾਲ ਹੋਰ ਲੋਕ ਭਲਾਈ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਹ ਵਿਚਾਰ ਬਠਿੰਡਾ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਜਥੇਦਾਰ ਗੁਰਮੀਤ ਸਿੰਘ ਖੁੱਡੀਆਂ ਦੇ ਸਪੁੱਤਰ ਅਮੀਤ ਖੁੱਡੀਆਂ ਨੇ ਮੌੜ ਹਲਕੇ ਅੰਦਰ ਨੁੱਕੜ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਨ੍ਹਾਂ ਕਿਹਾ ਕਿ ਭਾਵੇਂ ਵਿਰੋਧੀ ਉਮੀਦਵਾਰ ਵਿਕਾਸ ਵਿਕਾਸ ਦਾ ਰੌਲਾ ਪਾ ਰਹੇ ਹਨ, ਪਰ ਅਸਲੀ ਵਿਕਾਸ ਉਸ ਸਮੇਂ ਹੋਵੇਗਾ ਜਦੋਂ ਹਲਕੇ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾਵੇਗਾ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਮਿਲ ਸਕਣਗੀਆਂ। ਉਨ੍ਹਾਂ ਕਿਹਾ ਕਿ ਸੂਬੇ ’ਤੇ 50 ਸਾਲ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਨੇ ਲੋਕਾਂ ਦੀ ਬੇਹਤਰੀ ਲਈ ਕੋਈ ਕਦਮ ਨਹੀਂ ਉਠਾਏ ਸਗੋਂ ਆਪਣੇ ਘਰ ਭਰੇ ਹਨ। ਅਮੀਤ ਖੁੱਡੀਆਂ ਨੇ ਆਪਣੇ ਦਾਦਾ ਮਰਹੂਮ ਮੈਂਬਰ ਪਾਰਲੀਮੈਂਟ ਜਗਦੇਵ ਸਿੰਘ ਖੁੱਡੀਆਂ ਦੇ ਜੀਵਨ ਬਾਰੇ ਲੋਕਾਂ ਨੂੰ ਦੱਸਦਿਆਂ ਕਿਹਾ ਕਿ ਭਾਵੇਂ ਉਹ ਉਨ੍ਹਾਂ ਵਰਗੇ ਨਹੀਂ ਬਣ ਸਕਦੇ ਪਰ ਉਨ੍ਹਾਂ ਵੱਲੋਂ ਇਮਾਨਦਾਰੀ ਅਤੇ ਸੱਚ ਦੇ ਦਿਖਾਏ ਮਾਰਗ ’ਤੇ ਚਲਦੇ ਰਹਿਣਗੇ। ਉਨ੍ਹਾਂ ਕਿਹਾ ਕਿ 365 ਦਿਨਾਂ ਵਿੱਚੋਂ 350 ਦਿਨ ਖੁੱਡੀਆਂ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਲੋਕਾਂ ਦੀ ਸੇਵਾ ਵਿਚ ਹਾਜ਼ਰ ਰਹੇਗਾ। ਉਨ੍ਹਾਂ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਥੇਦਾਰ ਖੁੱਡੀਆਂ ਨੂੰ ਵੋਟ ਪਾ ਕੇ ਤੁਸੀਂ ਮਾਣ ਮਹਿਸੂਸ ਕਰੋਗੇ, ਕਿਉਂਕਿ ਵਿਧਾਇਕ ਅਤੇ ਮੰਤਰੀ ਹੁੰਦਿਆਂ ਉਨ੍ਹਾਂ ਆਪਣੇ ’ਤੇ ਕੋਈ ਦਾਗ ਨਹੀਂ ਲੱਗਣ ਦਿੱਤਾ। ਇਸ ਮੌਕੇ ਮੌੜ ਹਲਕੇ ਦੇ ਵਿਧਾਇਕ ਸੁਖਬੀਰ ਸਿੰਘ ਮਾਇਸਰਖਾਨਾ ਨੇ ਆਖਿਆ ਕਿ ਖੁੱਡੀਆਂ ਪਰਿਵਾਰ ਰਵਾਇਤੀ ਲੀਡਰਾਂ ਵਾਂਗ ਪੈਸੇ ਕਮਾਉਣ ਨਹੀਂ ਸਗੋਂ ਲੋਕ ਸੇਵਾ ਕਰਨ ਲਈ ਸਿਆਸਤ ਵਿਚ ਆਇਆ ਹੈ। ਇਸ ਲਈ ਸਾਨੂੰ ਜਥੇਦਾਰ ਖੁੱਡੀਆਂ ਦਾ ਸਾਥ ਦੇ ਕੇ ਉਨ੍ਹਾਂ ਨੂੰ ਪਾਰਲੀਮੈਂਟ ਵਿਚ ਭੇਜਣਾ ਚਾਹੀਦਾ ਹੈ।