26 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਪੀਟੀਏ ਅਧਿਆਪਕਾਂ ਅਤੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਬਹਾਲ ਕਰਕੇ ਵਿਦਿਆਰਥੀਆਂ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾਣ÷ਪੀਟੀਏ ਟੀਚਰ ਐਸੋਸੀਏਸ਼ਨ ਜ਼ਿਲਾ ਮਾਨਸਾ।
ਅੱਜ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਵਿੱਚ ਪੀਟੀਏ ਸਟਾਫ ਵਜੋਂ ਕੰਮ ਕਰ ਰਹੇ ਅਧਿਆਪਕਾਂ ਵੱਲੋਂ ਉਹਨਾਂ ਨੂੰ ਕਾਲਜ ਵਿੱਚੋਂ ਬਾਹਰ ਕੀਤੇ ਜਾਣ ਦੇ ਖ਼ਿਲਾਫ਼ ਸੰਘਰਸ਼ ਦੀ ਤਿਆਰੀ ਲਈ ਬਾਬਾ ਬੂਝਾ ਸਿੰਘ ਯਾਦਗਾਰੀ ਭਵਨ ਮਾਨਸਾ ਵਿੱਚ ਮੀਟਿੰਗ ਕਰਕੇ ਨਵੀਂ ਪੀਟੀਏ ਟੀਚਰ ਐਸੋਸੀਏਸ਼ਨ ਜ਼ਿਲਾ ਮਾਨਸਾ ਦਾ ਨਿਰਮਾਣ ਕੀਤਾ ਗਿਆ। ਜਿਸਦੇ ਪ੍ਰਧਾਨ ਸੰਤੋਸ਼ ਰਾਣੀ,ਮੀਤ ਪ੍ਰਧਾਨ ਮਿਸ ਰੀਨਾ,ਸਕੱਤਰ ਹਰਪ੍ਰੀਤ ਕੌਰ, ਸਹਾਇਕ ਸਕੱਤਰ ਮੋਨੀਕਾ ਸ਼ਰਮਾ,ਖਜ਼ਾਨਚੀ ਲੱਖਾ ਸਿੰਘ, ਸਹਾਇਕ ਖਜ਼ਾਨਚੀ ਦੀਦਾਰ ਸਿੰਘ ਅਤੇ ਪ੍ਰੈੱਸ ਸਕੱਤਰ ਸੋਨੀਆ ਨੂੰ ਚੁਣਿਆ ਗਿਆ।
ਇਸ ਮੌਕੇ ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਪੀਟੀਏ ਟੀਚਰ ਐਸੋਸੀਏਸ਼ਨ ਜ਼ਿਲਾ ਮਾਨਸਾ ਵੱਲੋਂ ਸੰਤੋਸ਼ ਰਾਣੀ,ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਜਸਵੀਰ ਕੌਰ ਨੱਤ,ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਸੁਖਜੀਤ ਸਿੰਘ ਰਾਮਾਨੰਦੀ ਨੇ ਕਿਹਾ ਕਿ ਕਾਂਸਟੀਚੂਐਂਟ ਕਾਲਜਾਂ ਵਿੱਚ ਪਿਛਲੇ ਕਈ ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਪੀਟੀਏ ਅਧਿਆਪਕਾਂ ਅਤੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਪਿਛਲੇ ਦੋ ਮਹੀਨਿਆਂ ਤੋਂ ਨਵੀਂ ਸਿੱਖਿਆ ਨੀਤੀ ਲਾਗੂ ਕਰਨ ਦੇ ਸਰਕਾਰ ਦੇ ਸਿਆਸੀ ਮਨਸੂਬਿਆਂ ਤੇ ਪਹਿਰਾ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਸੇਵਾਵਾਂ ਦੇ ਲਈ ਨਹੀਂ ਬੁਲਾਇਆ ਜਾ ਰਿਹਾ ਅਤੇ ਬੇਰੁਜ਼ਗਾਰ ਕਰਕੇ ਘਰ ਬੈਠਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਅਧਿਆਪਕਾਂ ਦੀ ਕਾਲਜ ਵਿੱਚੋਂ ਗ਼ੈਰ ਹਾਜ਼ਰੀ ਦੇ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦਾ ਵੱਡੀ ਪੱਧਰ ਤੇ ਨੁਕਸਾਨ ਹੋ ਰਿਹਾ ਹੈ। ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਇਸ ਧੱਕੇਸ਼ਾਹੀ ਦੇ ਖਿਲਾਫ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਕੱਲ੍ਹ ਮਿਤੀ 27 ਅਗਸਤ 2024 ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮੰਗ ਪੱਤਰ ਦਿੱਤਾ ਜਾਵੇਗਾ।ਆਗੂਆਂ ਨੇ ਮੰਗ ਕੀਤੀ ਕਿ
ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਮਾਨਸਾ ਸਮੇਤ ਸਮੂਹ ਕਾਂਸਟੀਚੂਐਂਟ ਕਾਲਜਾਂ ਵਿੱਚ ਪੀਟੀਏ ਅਤੇ ਗੈਸਟ ਫੈਕਲਟੀ ਅਧਿਆਪਕਾਂ ਨੂੰ ਪ੍ਰਵਾਨਗੀ ਦੇ ਕੇ ਤੁਰੰਤ ਸੇਵਾਵਾਂ ਦੇ ਲਈ ਬਹਾਲ ਕੀਤਾ ਜਾਵੇ,ਅਧਿਆਪਕਾਂ ਦੀਆਂ ਸੇਵਾਵਾਂ ਪੂਰਾ ਸਾਲ( 12 ਮਹੀਨੇ )ਕੀਤੀਆਂ ਜਾਣ,ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਵਿੱਚ ਪੱਕੇ ਤੌਰ ਤੇ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਜਾਵੇ,ਕਾਲਜ ਦੇ ਪੀਟੀਏ ਫੰਡ ਦੀ ਵਰਤੋਂ ਕਰਨ ਦਾ ਪੂਰਨ ਅਧਿਕਾਰ ਕਾਲਜ ਪ੍ਰਿੰਸੀਪਲ ਨੂੰ ਦਿੱਤਾ ਜਾਵੇ,ਮੁੱਢਲੀਆਂ ਤਨਖਾਹਾਂ ਵਿੱਚ ਵਾਧਾ ਕੀਤਾ ਜਾਵੇ,ਵਿੱਦਿਅਕ ਅਦਾਰਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਤੁਰੰਤ ਭਰੀਆਂ ਜਾਣ,ਕਾਲਜ ਦੇ ਬਜਟ ਵਿੱਚ ਨਿਰਧਾਰਿਤ ਪੋਸਟ ਤੇ ਹੋਈ ਭਰਤੀ ਵਿੱਚੋਂ ਜੋ ਅਧਿਆਪਕ ਬਦਲੀ ਕਰਵਾ ਕੇ ਜਾਂ ਡੈਪੂਟੇਸ਼ਨ ਤੇ ਹੋਰ ਕਾਲਜਾਂ ਵਿੱਚ ਗਏ ਹਨ, ਉਹਨਾਂ ਨੂੰ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਬਜਟ ਵਿੱਚੋਂ ਤਨਖਾਹ ਦੇਣ ਤੇ ਰੋਕ ਲਗਾ ਕੇ ਸੰਬੰਧਿਤ ਕਾਲਜਾਂ ਦੇ ਬਜਟ ਵਿੱਚੋਂ ਤਨਖਾਹ ਦੇਣੀ ਲਾਜ਼ਮੀ ਕੀਤੀ ਜਾਵੇ। ਇਸ ਮੌਕੇ ਪੀਟੀਏ ਟੀਚਰਾਂ ਵੱਲੋਂ ਸੁਖਦੀਪ ਕੌਰ,ਗਗਨਦੀਪ ਕੌਰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਵੰਤ ਸਿੰਘ ਖੋਖਰ ਕਲਾਂ,ਜ਼ਿਲਾ ਕਮੇਟੀ ਮੈਂਬਰ ਸੱਤਨਾਮ ਸਿੰਘ ਗੰਢੂ ਖੁਰਦ,ਅਰਸ਼ਦੀਪ ਸਿੰਘ ਖੋਖਰ ਕਲਾਂ, ਅਮਨਦੀਪ ਸਿੰਘ ਰਾਮਪੁਰ ਮੰਡੇਰ,ਆਇਸਾ ਦੀ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ ਕਾਲਜ ਮਾਨਸਾ ਦੇ ਆਗੂ ਗਗਨਦੀਪ ਕੌਰ ਮਾਨਸਾ ਅਤੇ ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਬਲਵਿੰਦਰ ਕੌਰ ਖਾਰਾ ਵੀ ਹਾਜ਼ਰ ਸਨ।