04 ਅਗਸਤ (ਨਾਨਕ ਸਿੰਘ ਖੁਰਮੀ) ਮਾਨਸਾ: ਸ਼੍ਰੀ ਕਰਤਾਰਪੁਰ ਕਾਰੀਡੋਰ ਤੇ ਪਾਸਪੋਰਟ,20 ਅਮਰੀਕਨ ਡਾਲਰਾਂ ਦੀ ਫ਼ੀਸ,ਪੰਜਾਬ ਦੇ ਬਾਰਡਰ ਖੋਲ੍ਹਕੇ ਵਪਾਰ ਵਧਾਉਣ ਵਰਗੇ ਅਹਿਮ ਮੁਦਿਆਂ ਨੂੰ ਲੈ ਮਾਲਵਾ ਖੇਤਰ ਤੋਂ ਅਟਾਰੀ-ਵਾਹਗਾ ਬਾਰਡਰ ਤੱਕ ਕੀਤੇ ਜਾਣ ਵਾਲੇ ਭਾਰਤ-ਪਾਕਿ ਸ਼ਾਂਤੀ ਅਤੇ ਦੋਸਤੀ ਮਾਰਚ ਦੀ ਮੁਹਿੰਮ ਨੂੰ ਪੰਜਾਬ ਭਰ ‘ਚ ਭਰਵਾਂ ਹੁੰਗਾਰਾ ਮਿਲਣ ਲੱਗਿਆ ਹੈ।
ਸੋਸ਼ਲਿਸਟ ਪਾਰਟੀ ਇੰਡੀਆ ਦੇ ਕੌਮੀ ਮੀਤ ਪ੍ਰਧਾਨ ਹਰਿੰਦਰ ਸਿੰਘ ਮਾਨਸ਼ਾਹੀਆ ਦੀ ਅਗਵਾਈ ‘ਚ ਮਾਲਵਾ ਖੇਤਰ ਦੇ ਵੱਖ-ਵੱਖ ਰਾਜਨੀਤਕ,ਧਾਰਮਿਕ, ਸਮਾਜਿਕ ਸੰਗਠਨਾਂ,ਕਿਸਾਨ ਜਥੇਬੰਦੀਆਂ ਅਤੇ ਵਪਾਰਕ ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਤੋਂ ਬਾਅਦ ਉਨ੍ਹਾਂ ਦਾਅਵਾ ਕੀਤਾ ਕਿ ਭਾਰਤ-ਪਾਕਿ ਸ਼ਾਂਤੀ ਮਾਰਚ ਅਤੇ ਦੋਸਤੀ ਮਾਰਚ ਦੇ ਸਾਰਥਿਕ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਇਸ ਸ਼ਾਂਤੀ ਮਾਰਚ ਨਾਲ ਜੁੜੇ ਅਹਿਮ ਮੁੱਦਿਆਂ ਨੂੰ ਸਭਨਾਂ ਧਿਰਾਂ ਵੱਲ੍ਹੋਂ ਪਾਰਟੀ ਅਤੇ ਨਿੱਜੀ ਹਿੱਤਾਂ ਤੋਂ ਉਪਰ ਉਠ ਕੇ ਹੁੰਗਾਰਾ ਮਿਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਾਰਟੀ ਦੇ ਗਾਂਧੀ-ਵਾਦੀ ਨੇਤਾ ਨੈਸ਼ਨਲ ਜਨਰਲ ਸਕੱਤਰ ਮੈਗਸਾਸੇ ਅਵਾਰਡ ਵਿਜੇਤਾ ਡਾ. ਸੰਦੀਪ ਪਾਂਡੇ ਦੀ ਅਗਵਾਈ ਵਿੱਚ ਲੰਬੇ ਸਮੇਂ ਤੋਂ ਭਾਰਤ-ਪਾਕਿ ਸਬੰਧਾਂ ਵਿੱਚ ਆਈ ਖਟਾਸ ਨੂੰ ਖ਼ਤਮ ਕਰਨ ਅਤੇ ਦੋਵਾਂ ਦੇਸ਼ਾਂ ਦਰਮਿਆਨ ਟਰੇਡ ਨੂੰ ਮੁੜ ਸੁਰਜੀਤ ਕਰਨ ਲਈ ਭਾਰਤ ਛੱਡੋ ਅੰਦੋਲਣ ਦੇ ਦਿਹਾੜੇ 9 ਅਗਸਤ ਤੋਂ 14 ਅਗਸਤ ਤੱਕ ਮਾਨਸਾ ਸ਼ਹਿਰ ਤੋਂ ਲੈਕੇ ਅਟਾਰੀ ਸਰਹੱਦ ਤੱਕ ਸ਼ਾਂਤੀ ਅਤੇ ਦੋਸਤੀ ਦਾ ਪੈਗਾਮ ਲੈਕੇ ਮਾਰਚ ਕੱਢਿਆ ਜਾ ਰਿਹਾ ਹੈ ਜੋ ਕਿ ਕਈ ਪੜਾਵਾਂ ਵਿਚੋਂ ਹੁੰਦਾ ਹੋਇਆ 13 ਅਗਸਤ ਨੂੰ ਜੱਲ੍ਹਿਆਂ ਵਾਲ਼ੇ ਬਾਗ਼ ਵਿੱਚ ਆਜ਼ਾਦੀ ਦੀ ਲੜਾਈ ਦਾ ਮੁੱਢ ਬੰਨ੍ਹਣ ਵਾਲ਼ੇ ਗੁੰਮਨਾਮ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਾ ਹੋਇਆ ਹਿੰਦ-ਪਾਕ ਫ਼ਰੈਂਡਸ਼ਿੱਪ ਸੋਸਾਇਟੀ ਨਾਲ ਮਿਲਕੇ ਅੱਧੀ ਰਾਤ ਨੂੰ ਆਟਾਰੀ-ਵਾਹਗਾ ਸਰਹੱਦ ਤੇ ਮੋਮਬੱਤੀਆਂ ਜਗਾਵੇਗਾ।
ਮਾਰਚ ਦੇ ਮੁੱਦਿਆਂ ਬਾਰੇ ਸੂਬਾ ਜਨਰਲ ਸਕੱਤਰ ਬਲਰਾਜ ਸਿੰਘ ਨੰਗਲ ਨੇ ਦੱਸਿਆ ਕਿ ਲੰਬੇ ਸਮੇਂ ਦੀਆਂ ਅਰਦਾਸਾਂ ਅਤੇ ਨੇਕ ਇਨਸਾਨਾਂ ਦੀਆਂ ਕੋਸ਼ਿਸ਼ਾਂ ਨਾਲ ਬਾਬਾ ਗੁਰੂ ਨਾਨਕ ਸਾਹਿਬ ਜੀ ਦੀ ਕਰਮਭੂਮੀ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ ਸਰਹੱਦ ਨੂੰ ਖੋਲ੍ਹਿਆ ਗਿਆ ਪਰ ਉਸ ਵਿੱਚ ਪਾਸਪੋਰਟ ਅਤੇ ਵੀਹ ਅਮਰੀਕਨ ਡਾਲਰਾਂ ਵਿੱਚ ਫ਼ੀਸ ਦੀ ਜੋ ਸ਼ਰਤ ਲਗਾਈ ਗਈ ਹੈ ਉਸਨੂੰ ਖ਼ਤਮ ਕਰਕੇ ਆਧਾਰ ਕਾਰਡ ਨਾਲ ਬਿਨਾਂ ਕਿਸੇ ਫ਼ੀਸ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰਨ ਦੀ ਮੁੱਖ ਮੰਗ ਰੱਖੀ ਗਈ ਹੈ।
ਸੂਬਾ ਪ੍ਰਧਾਨ ਓਮ ਸਿੰਘ ਸਟਿਆਣਾ ਵਲੋਂ ਦੱਸਿਆ ਗਿਆ ਕਿ ਪਿਛਲੇ 20-22 ਸਾਲਾਂ ਤੋਂ ਪੰਜਾਬ ਦੇ ਬਾਰਡਰਾਂ ਰਾਹੀਂ ਵਪਾਰ ਮੁਅੱਤਲ ਕੀਤਾ ਹੋਇਆ ਹੈ ਜਿਸਨੂੰ ਗੁਜਰਾਤ ਬਾਰਡਰ ਦੀ ਤਰਜ਼ ਤੇ ਤੁਰੰਤ ਸ਼ੁਰੂ ਕੀਤਾ ਜਾਵੇ ਜਿਸ ਨਾਲ ਦੋਵੇਂ ਦੇਸ਼ਾਂ ਖਾਸ ਕਰਕੇ ਦੋਵੇਂ ਪੰਜਾਬਾਂ ਦੇ ਵਪਾਰੀਆਂ, ਕਿਸਾਨਾਂ, ਮਜ਼ਦੂਰਾਂ ਨੂੰ ਲਾਭ ਪਹੁੰਚੇਗਾ,ਭਾਈਚਾਰਕ ਸਾਂਝ ਵਧੇਗੀ ਅਤੇ ਦੋਵੇਂ ਦੇਸ਼ਾਂ ਦੇ ਆਵਾਮ ਦੀ ਆਰਥਿਕਤਾ ਨੂੰ ਹੁਲਾਰਾ ਮਿਲੇਗਾ।
ਸਰਬਜੀਤ ਕੌਸ਼ਲ ਵੱਲੋਂ ਮਾਰਚ ਦੇ ਰੂਟ ਪਲਾਨ ਬਾਰੇ ਦੱਸਿਆ ਗਿਆ ਕਿ ਇਹ ਮਾਰਚ ਗੁਰਦਵਾਰਾ ਚੌਂਕ ਤੋਂ ਪੈਦਲ ਚੱਲ ਕੇ ਪਹਿਲਾ ਠਹਿਰਾਓ ਜੋਗਾ ਵਿਖੇ ਕਰਕੇ ਅਗਲੇ ਦਿਨ ਅਕਲੀਆ ਵਿਖੇ ਮੀਟਿੰਗ ਕਰਕੇ ਵੈਹੀਕਲਾਂ ਰਾਹੀਂ ਬਰਨਾਲਾ, ਢਿੱਲਵਾਂ, ਬਿਲਾਸਪੁਰ,ਬੱਧਣੀ ਕਲਾਂ, ਡਾਲਾ ,ਮੋਗਾ ਹੁੰਦਾ ਹੋਇਆ ਰਾਤ ਦਾ ਠਹਿਰਾਓ ਕੋਟ ਈਸੇ ਖਾਂ (ਦੌਲੇਵਾਲਾ)ਕਰਕੇ ਹਰੀਕੇ ਪੱਤਣ ਤੋਂ ਫ਼ਿਰ ਪੈਦਲ ਨੌਸ਼ਹਿਰਾ ਪੁੰਨੂਆਂ,ਤਰਤਾਰਨ ਹੁੰਦਾ ਹੋਇਆ ਅੰਮ੍ਰਿਤਸਰ ਵਿਖੇ ਪਹੁੰਚੇਗਾ।ਸੂਬਾ ਕਾਰਜਕਾਰਨੀ ਮੈਂਬਰ ਬਲਜਿੰਦਰ ਸੰਗੀਲਾ ਨੇ ਦੱਸਿਆ ਕਿ
ਇਸ ਮਾਰਚ ਵਿੱਚ ਸੋਸ਼ਲਿਸਟ ਪਾਰਟੀ ਇੰਡੀਆ ਦੇ ਜਗਦੀਪ ਸਿੰਘ ਖੇੜਾ( ਸਪੁੱਤਰ ਸਵ. ਬਲਵੰਤ ਸਿੰਘ ਖੇੜਾ)ਹੁਸ਼ਿਆਰਪੁਰ, ਧਰਮਵੀਰ ਜੌੜਾ, ਭਗਵੰਤ ਸਿੰਘ ਬੇਦੀ ਪ੍ਰਧਾਨ ਚੰਡੀਗੜ੍ਹ, ਸੰਦੀਪ ਨਿਰਦੋਸ਼ ,ਰਜਿੰਦਰ ਕੌਰ ਦਾਨੀ ਮੁਹਾਲੀ,ਮਲਕੀਤ ਸਿੰਘ ਕੋਟਸ਼ਮੀਰ,ਨਛੱਤਰ ਸਿੰਘ ਮਣਕੂ ਬਠਿੰਡਾ,ਦੂਸਰੀਆਂ ਸਟੇਟਾਂ ਦੇ ਕਾਰਕੁੰਨ ਤੋਂ ਇਲਾਵਾ ਸਹਿਯੋਗੀ ਡਾ. ਜਨਕ ਰਾਜ ਸਿੰਗਲਾ ਪ੍ਰਧਾਨ ਵਾਇਸ ਆਫ਼ ਮਾਨਸਾ ਸਮੇਤ ਪੂਰਾ ਗਰੁੱਪ ,ਸਾਈਕਲ ਗਰੁੱਪ ਮਾਨਸਾ, ਬੁੱਧੀਜੀਵੀ,ਲੇਖਕ,ਵਕੀਲ, ਵਪਾਰ ਮੰਡਲ,ਵੱਖ ਵੱਖ ਸਮਾਜ ਸੇਵੀ ਜਥੇਬੰਦੀਆਂ, ਧਾਰਮਿਕ, ਰਾਜਸੀ ਅਤੇ ਕਿਸਾਨ ,ਮਜ਼ਦੂਰ ਜਥੇਬੰਦੀਆਂ ਦੇ ਕਾਰਕੁਨ ਸ਼ਾਮਿਲ ਹੋ ਰਹੇ ਹਨ।
ਭਾਰਤ-ਪਾਕਿ ਸ਼ਾਂਤੀ ਅਤੇ ਦੋਸਤੀ ਮਾਰਚ ਦੀ ਮੁਹਿੰਮ ਨੂੰ ਭਰਵਾ ਹੁੰਗਾਰਾ
Highlights
- #mansanews
Leave a comment