ਭੀਖੀ – 19 ਦਸੰਬਰ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਬਲਾਕ ਭੀਖੀ ਦੀ ਇੱਕ ਜਰੂਰੀ ਮੀਟਿੰਗ ਬਲਾਕ ਪ੍ਰਧਾਨ ਪਿਰਥੀ ਸਿੰਘ ਢੈਪੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਭੀਖੀ ਵਿਖੇ ਕੀਤੀ ਗਈ। ਮੀਟਿੰਗ ਦੌਰਾਨ ਕੁਲਦੀਪ ਸਿੰਘ ਚੱਕ ਭਾਈਕੇ ਚੇਅਰਮੈਨ ਅੰਤ੍ਰਿੰਗ ਕਮੇਟੀ ਪੰਜਾਬ ਅਤੇ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਗਾਗੋਵਾਲ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਬਲਾਕ ਸਕੱਤਰ ਜਨਰਲ ਮਲਕੀਤ ਰਾਮ ਨੇ ਦੱਸਿਆ ਕਿ ਕਿਸਾਨੀ ਮੰਗਾਂ ਮਨਵਾਉਣ ਲਈ ਪਿੰਡਾਂ ਦੀਆਂ ਮੀਟਿੰਗਾਂ ਕਰਕੇ ਕਿਸਾਨਾਂ ਨੂੰ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ। ਇੱਕ ਮਤੇ ਰਾਹੀਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸੁਪਰ ਸੀਡਰ ਜਾਂ ਹੈਪੀ ਸੀਡਰ ਨਾਲ ਜੋ ਕਣਕ ਦੀ ਬਿਜਾਈ ਕੀਤੀ ਗਈ ਹੈ ਉਨ੍ਹਾਂ ਸਿਆੜਾਂ ਚ ਮਿਕਸ ਹੋਈ ਪਰਾਲੀ ਕਰਕੇ ਪੈਦਾ ਹੋਈ ਸੁੰਡੀ ਦੇ ਹਮਲੇ ਕਾਰਨ ਪੁੰਗਰ ਰਹੀ ਕਣਕ ਦਾ ਵੱਡਾ ਨੁਕਸਾਨ ਹੋ ਰਿਹਾ ਹੈ। ਜਿਸ ਕਾਰਨ ਕਣਕ ਦੀ ਪੈਦਾਵਾਰ ਘਟੇਗੀ ਤੇ ਕਿਸਾਨਾਂ ਨੂੰ ਆਰਥਿਕ ਨੁਕਸਾਨ ਝੱਲਣਾ ਪਵੇਗਾ। ਇਸ ਲਈ ਕਿਸਾਨਾਂ ਦੇ ਨੁਕਸਾਨ ਦੀ ਪੂਰਤੀ ਲਈ ਇਸਦਾ ਸਰਵੇਖਣ ਕਰਵਾਕੇ ਪ੍ਰਭਾਵਿਤ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ। ਇਸ ਮੌਕੇ ਭੀਖੀ ਪਿੰਡ ਦੀ ਇਕਾਈ ਚ ਵਾਧਾ ਕਰਦੇ ਹੋਏ ਗੁਰਲਾਲ ਸਿੰਘ ਜੀ/ਸ, ਜੱਗਰ ਸਿੰਘ ਤੇ ਪਾਲਾ ਸਿੰਘ ਮੀਤ ਪ੍ਰਧਾਨ, ਗੁਰਤੇਜ ਸਿੰਘ ਪ੍ਰਚਾਰ ਸਕੱਤਰ ਤੇ ਹਰਬਿਲਾਸ ਸ਼ਰਮਾ ਨੂੰ ਮੀਤ ਸਕੱਤਰ ਨਿਯੁਕਤ ਕੀਤਾ ਗਿਆ। ਮੀਟਿੰਗ ਦੌਰਾਨ ਗੁਰਨਾਮ ਸਿੰਘ ਤੇ ਲਾਲ ਸਿੰਘ ਭੀਖੀ, ਮਹਿੰਦਰ ਸਿੰਘ ਦਲੇਲ ਸਿੰਘ ਵਾਲਾ, ਅਵੀ ਮੌੜ, ਬੂਟਾ ਸਿੰਘ ਖਜਾਨਚੀ ਬਲਾਕ ਭੀਖੀ ਆਦਿ ਨੇ ਵੀ ਸ਼ਮੂਲੀਅਤ ਕੀਤੀ।
ਜਾਰੀ ਕਰਤਾ * ਮਲਕੀਤ ਰਾਮ ਸਕੱਤਰ ਜਨਰਲ ਬਲਾਕ ਭੀਖੀ