ਮੀਤ ਹੇਅਰ ਨੇ ਭਦੌੜ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਰੈਲੀਆਂ ਨੂੰ ਕੀਤਾ ਸੰਬੋਧਨ
26 ਮਈ (ਗਗਨਦੀਪ ਸਿੰਘ) ਭਦੌੜ: ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਉਮੀਦਵਾਰ ਅਤੇ ਸੂਬੇ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਵੋਟਾਂ ਵੇਲੇ ਵੱਡੇ ਉਮੀਦਵਾਰ ਖੜ੍ਹਾ ਕੇ ਭਦੌੜ ਹਲਕੇ ਦੇ ਵੋਟਰਾਂ ਨੂੰ ਭਰਮਾਉਣ ਵਾਲੀਆਂ ਪਾਰਟੀਆਂ ਨੇ ਵੋਟਾਂ ਤੋਂ ਬਾਅਦ ਭਦੌੜ ਹਲਕੇ ਦੀ ਮੁੜ ਸਾਰ ਨਹੀਂ ਲਈ। ਇੱਥੋਂ ਤੱਕ ਕਿ ਕਿਸੇ ਪਾਰਟੀ ਦੇ ਉਮੀਦਵਾਰ ਨੇ ਹਲਕੇ ਦਾ ਗੇੜਾ ਵੀ ਨਹੀਂ ਲਗਾਇਆ। ਹੁਣ ਪਾਰਲੀਮੈਂਟ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਅਤੇ ਬਾਹਰੀ ਉਮੀਦਵਾਰਾਂ ਨੂੰ ਸਬਕ ਸਿਖਾਉਣ ਦਾ ਵੇਲਾ ਆ ਗਿਆ ਹੈ।
ਮੀਤ ਹੇਅਰ ਨੇ ਅੱਜ ਭਦੌੜ ਹਲਕੇ ਦੇ ਪਿੰਡਾਂ ਵਿੱਚ ਭਰਵੀਆਂ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ 2022 ਵਿਧਾਨ ਸਭਾ ਵਿੱਚ ਆਪਣੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭਦੌੜ ਤੋਂ ਖੜ੍ਹਾਂ ਕਰ ਦਿੱਤਾ ਜੋ ਹਾਰ ਤੋਂ ਬਾਅਦ ਮੁੜ ਭਦੌੜ ਨਹੀਂ ਆਇਆ। ਹੁਣ ਫੇਰ ਭੁਲੱਥ ਤੋਂ ਸੁਖਪਾਲ ਖਹਿਰਾ ਨੂੰ ਉਮੀਦਵਾਰ ਬਣਾ ਦਿੱਤਾ ਜੋ ਚੋਣਾਂ ਤੋਂ ਬਾਅਦ ਮੁੜ ਨਜ਼ਰ ਨਹੀਂ ਆਵੇਗਾ।
ਮੀਤ ਹੇਅਰ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਵੀ ਕਿਸੇ ਵੇਲੇ ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀ ਨੂੰ ਚੋਣ ਲੜਾਈ ਪਰ ਉਹ ਵੀ ਕਿਤੇ ਦੁਬਾਰਾ ਭਦੌੜ ਵਾਸੀਆਂ ਦੀ ਸਾਰ ਲੈਣ ਨਹੀਂ ਆਇਆ। ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਤੇ ਮੌਜੂਦਾ ਐਮ ਪੀ ਸਿਮਰਨਜੀਤ ਸਿੰਘ ਮਾਨ ਤਾਂ ਚੋਣ ਜਿੱਤ ਕੇ ਹਲਕਾ ਹੀ ਭੁੱਲ ਗਏ ਅਤੇ ਪਾਰਲੀਮੈਂਟ ਵਿਚ ਸੰਗਰੂਰ ਤੇ ਭਦੌੜ ਦਾ ਇਕ ਮੁੱਦਾ ਵੀ ਨਹੀਂ ਚੁੱਕਿਆ।
ਮੀਤ ਹੇਅਰ ਨੇ ਕਿਹਾ ਕਿ ਉਹ ਭਦੌੜ ਅਤੇ ਸੰਗਰੂਰ ਦੇ ਪੂਰੇ ਹਲਕੇ ਦੀ ਆਵਾਜ਼ ਕੇਂਦਰ ਵਿੱਚ ਚੁੱਕੇਗਾ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦਾ ਸਥਾਨਕ ਉਮੀਦਵਾਰ ਹੈ ਅਤੇ ਹਰ ਵੇਲੇ ਉਨ੍ਹਾਂ ਲਈ ਹਾਜ਼ਰ ਹੈ।
ਇਸ ਮੌਕੇ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਨੇ ਮੀਤ ਹੇਅਰ ਨੂੰ ਵੱਡੇ ਫਰਕ ਨਾਲ ਜਿਤਾਉਣ ਦੀ ਅਪੀਲ ਕੀਤੀ