28 ਦਸੰਬਰ (ਗਗਨਦੀਪ ਸਿੰਘ) ਬਰਨਾਲਾ: ਬਰਨਾਲਾ ਜ਼ਿਲ੍ਹੇ ਦੀ ਧੀ ਸਾਨਵੀ ਨੇ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿੱਚ ਗੋਲਡ ਮੈਡਲ ਪ੍ਰਾਪਤ ਕਰਕੇ ਜਿਥੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ ਉਥੇ ਹੀ ਆਪਣੇ ਮਾਪਿਆਂ,ਅਧਿਆਪਕਾਂ ਅਤੇ ਕੋਚ ਦਾ ਮਾਨ ਵਧਾਇਆ ਹੈ।ਸਾਨਵੀ ਭਾਰਗਵ ਪੁੱਤਰੀ ਮੁਨੀਸ਼ ਸ਼ਰਮਾ ਹੰਡਿਆਇਆ, ਇਲੈਕਸ਼ਨ ਇੰਚਾਰਜ ਡਿਪਟੀ ਕਮਿਸ਼ਨਰ ਦਫ਼ਤਰ ਬਰਨਾਲਾ ਨੇ ਸਬ-ਜੂਨੀਅਰ ਲੜਕੀਆਂ ਸੇਸਟੋਬਾਲ ਵਿੱਚ ਰਾਸ਼ਟਰੀ ਗੋਲਡ ਮੈਡਲ ਪ੍ਰਾਪਤ ਕਰਕੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਕਤ ਖੇਡਾਂ ਵਿੱਚ ਸੈਮੀਫਾਈਨਲ ਮੁਕਾਬਲੇ ਬਿਹਾਰ ਵਿੱਚ ਤੇ ਫਾਈਨਲ ਮੁਕਾਬਲੇ ਕਰਨਾਨਕ ਵਿੱਚ ਹੋਏ ਅਤੇ ਭਾਰਤ ਭਰ ਦੀਆਂ ਕੁੱਲ 28 ਟੀਮਾਂ ਦਰਮਿਆਨ ਇਹ ਮੁਕਾਬਲੇ ਹੋਏ। ਇਨ੍ਹਾਂ ਖੇਡਾਂ ਵਿੱਚ ਸਾਨਵੀ ਦਾ ਪ੍ਰਦਰਸ਼ਨ ਬਹੁਤ ਸ਼ਾਨਦਾਰ ਰਿਹਾ। ਜਿਕਰਯੋਗ ਹੈ ਕਿ ਸਾਨਵੀ ਨੇ ਨੈੱਟਬਾਲ ਵਿੱਚ ਜ਼ਿਲ੍ਹੇ ਲਈ ਹੁਣ ਤੱਕ 6 ਵਾਰ ਗੋਲਡ ਪ੍ਰਾਪਤ ਕਰ ਚੁੱਕੀ ਹੈ ਅਤੇ 6 ਵਾਰ ਰਾਜ ਪੱਧਰੀ ਨੈੱਟਬਾਲ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। ਇਸ ਵੱਲੋਂ U-14 ਰਾਜ ਪੱਧਰ ਤੇ 2 ਵਾਰ ਚਾਂਦੀ,U-17 ਰਾਜ ਪੱਧਰ ਤੇ 1 ਵਾਰ ਚਾਂਦੀ,U-19 ਰਾਜ ਪੱਧਰ ਤੇ 1 ਵਾਰ ਕਾਂਸੀ ਅਤੇ ਓਪਨ ਸੀਨੀਅਰ ਸਟੇਟ ਮੁਕਾਬਲਿਆਂ ਵਿੱਚ ਚਾਂਦੀ ਦਾ ਮੈਡਲ ਪ੍ਰਾਪਤ ਕੀਤਾ ਹੈ। ਸਾਨਵੀ ਵੱਲੋਂ ਇਹ ਸਭ ਮਾਣਮੱਤੀਆਂ ਪ੍ਰਾਪਤ ਕਰਨ ਦਾ ਸਿਹਰਾ ਕੋਚ ਅਮਰੀਕ ਖਾਨ ਨੂੰ ਜਾਂਦਾ ਹੈ। ਪੰਜਾਬ ਸਕੂਲੀ ਖੇਡਾਂ ਦੇ ਜ਼ਿਲ੍ਹਾ ਜਰਨਲ ਸਕੱਤਰ ਲੈਕਚਰਾਰ ਬਲਜਿੰਦਰ ਸਿੰਘ ਹੈਪੀ ਅਤੇ ਪੰਜਾਬ ਸਕੂਲ ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਹਰਜੀਤ ਸਿੰਘ ਮਲੂਕਾ ਨੇ ਸਾਨਵੀ ਦੀ ਪ੍ਰਾਪਤੀ ਬਾਰੇ ਗੱਲ ਕਰਦਿਆਂ ਕਿਹਾ ਕਿ ਮਿਹਨਤ ਕਰਕੇ ਕੀਤੀ ਪ੍ਰਾਪਤੀ ਹਮੇਸ਼ਾ ਹੀ ਬੁਲੰਦੀਆਂ ‘ਤੇ ਲੈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸਾਨਵੀ ਦੇ ਪਿਤਾ ਮੁਨੀਸ਼ ਸ਼ਰਮਾਂ ਨੇ ਹਮੇਸ਼ਾ ਹੀ ਆਪਣੀ ਧੀ ਨੂੰ ਖੇਡਾਂ ਲਈ ਵੱਡੀ ਹੱਲਾਸ਼ੇਰੀ ਦਿੱਤੀ ਹੈ। ਵਰਤਮਾਨ ਸਮੇਂ ਵਾਈ.ਐਸ.ਪੀ. ਹੰਡਿਆਇਆ ਵਿਖੇ 9ਵੀਂ ਜਮਾਤ ਵਿੱਚ ਪੜ੍ਹਦੀ ਸਾਨਵੀ ਤੋਂ ਭੱਵਿਖ ਵਿੱਚ ਬਹੁਤ ਉਮੀਦਾਂ ਹਨ।