ਮਾਨਸਾ 12 ਅਗਸਤ (ਆਤਮਾ ਸਿੰਘ ਪਮਾਰ ) ਪਿੰਡ ਭੈਣੀ ਬਾਘਾ ਜੋ ਕਿ ਬਾਸਕਿਟਬਾਲ ਦੀ ਨਰਸਰੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਵਿਖੇ ਅੱਜ ਸਾਬਕਾ ਵਿਧਾਇਕ ਸ. ਨਾਜ਼ਰ ਸਿੰਘ ਮਾਨਸ਼ਾਹੀਆ ਵਲੋਂ ਬਾਸਕਿਟਬਾਲ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੂੰ ਲਗਪਗ ਤਿੰਨ ਦਰਜਨ ਟਰੈਕ ਸੂਟ ਵੰਡੇ। ਮਾਨਸ਼ਹੀਆ ਨੇ ਖਿਡਾਰੀਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ ਜੋ ਖੇਡਾਂ ਵਿੱਚ ਮੱਲਾਂ ਮਾਰ ਕੇ ਆਪਣੇ ਪਿੰਡ, ਜ਼ਿਲ੍ਹੇ ਅਤੇ ਦੇਸ਼ ਦਾ ਨਾਂ ਰੌਸ਼ਨ ਕਰਦੇ ਹਨ। ਉਨ੍ਹਾਂ ਕਿਹਾ ਕਿ ਖਿਡਾਰੀ ਵਿੱਚ ਸਾਰੇ ਹੀ ਚੰਗੇ ਗੁਣ ਹੁੰਦੇ ਹਨ ਅਤੇ ਉਹ ਆਪਣੇ ਸਰੀਰ ਨੂੰ ਵੀ ਸੰਭਾਲ ਕੇ ਰੱਖਦੇ ਹਨ ਜਦਕਿ ਗਰਾਉਂਡਾਂ ਨਾਲ ਨਾ ਜੁੜਨ ਵਾਲੇ ਨੌਜਵਾਨ ਬੁਰੀਆਂ ਆਦਤਾਂ ਅਤੇ ਨਸ਼ੇ ਦੀ ਦਲਦਲ ਵਿੱਚ ਜਾ ਫਸਦੇ ਹਨ । ਮਾਨਸ਼ਾਹੀਆ ਦੇ ਇਸ ਨੇਕ ਕਾਰਜ਼ ਦੀ ਚੁਫੇਰਿਉਂ ਸ਼ਲਾਘਾ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਸ. ਮਾਨਸ਼ਹੀਆ ਬਿਨਾਂ ਕਿਸੇ ਭੇਦਭਾਵ ਤੋਂ ਅਕਸਰ ਹੀ ਸਮਾਜ ਭਲਾਈ ਦੇ ਕੰਮ ਕਰਦੇ ਨਜ਼ਰੀਂ ਪੈਂਦੇ ਰਹਿੰਦੇ ਹਨ। ਇਸ ਸਮੇਂ ਰਾਜ ਸਿੰਘ ਕੋਚ ਬਾਸਕਿਟਬਾਲ, ਦੀਦਾਰ ਮਾਨ ਭੈਣੀ ਬਾਘਾ, ਮਾਸਟਰ ਮਨਸਾ ਰਾਮ, ਸੁਖਦੇਵ ਸਿੰਘ ਗਰੇਵਾਲ,ਮਨੀ ਟੇਲਰ ਅਤੇ ਸਰਸਪਿੰਦਰ ਸਿੰਘ ਕਾਲਾ ਸਮੇਤ ਅਨੇਕਾਂ ਮਜੌੂਦਾ ਅਤੇ ਸਾਬਕਾ ਖਿਡਾਰੀ ਵੀ ਮੌਜੂਦ ਸਨ।