15 ਅਪ੍ਰੈਲ (ਰਾਜਦੀਪ ਜੋਸ਼ੀ) ਸੰਗਤ ਮੰਡੀ: ਪਿਛਲੇ ਦਿਨੀਂ ਫਸਲਾਂ ਤੇ ਹੋਈ ਗੜ੍ਹੇਮਾਰੀ ਦਾ ਮੁਆਵਜ਼ਾ ਲੈਣ, ਗੈਸ ਪਾਈਪ ਲਾਈਨ ਦਾ ਸਮਝੌਤਾ ਲਾਗੂ ਕਰਵਾਉਣ ਲਈ 4 ਅਪ੍ਰੈਲ ਤੋਂ ਬਠਿੰਡਾ ਡੀਸੀ ਦਫ਼ਤਰ ਅੱਗੇ ਲੱਗੇ ਪੱਕੇ ਮੋਰਚੇ ਦੀ ਤਿਆਰੀ ਵਿੱਚ ਅੱਜ ਸੰਗਤ ਬਲਾਕ ਦੀ ਮੀਟਿੰਗ ਹੋਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਬੀਕੇਯੂ ਏਕਤਾ ਉਗਰਾਹਾਂ ਬਲਾਕ ਸੰਗਤ ਦੇਪ੍ਰਧਾਨ ਕੁਲਵੰਤ ਰਾਏ ਸ਼ਰਮਾਂ ਨੇ ਕਿਹਾ ਕਿ ਬਠਿੰਡਾ ਜਿਲ੍ਹੇ ਵਿੱਚ ਲਗਭਗ 26 ਪਿੰਡ ਗੜ੍ਹੇਮਾਰੀ ਤੋਂ ਪ੍ਰਭਾਵਿਤ ਹਨ, ਬਠਿੰਡਾ ਪ੍ਰਸ਼ਾਸਨ ਅਤੇ ਖੇਤੀਬਾੜੀ ਮੰਤਰੀ ਪੰਜਾਬ ਗੁਰਮੀਤ ਸਿੰਘ ਖੁੱਡੀਆਂ ਨੂੰ ਮੰਗ ਪੱਤਰ ਵੀ ਦਿੱਤੇ ਗਏ, ਪਰ ਹੁਣ ਤੱਕ ਸਰਕਾਰ ਨੇ ਕਿਸਾਨਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ, ਕਿਸਾਨਾਂ ਲਗਾਤਾਰ 4 ਅਪ੍ਰੈਲ ਤੋਂ ਬਠਿੰਡਾ ਡੀਸੀ ਦਫਤਰ ਅੱਗੇ ਪੱਕੇ ਮੋਰਚੇ ਤੇ ਬੈਠੇ ਹਨ, ਪਰ ਪੰਜਾਬ ਸਰਕਾਰ ਦੇ ਮੰਤਰੀ ਚੋਣ-ਪ੍ਰਚਾਰ ਵਿੱਚ ਵਿਆਸਤ ਹਨ, ਪੱਕੇ ਮੋਰਚੇ ਵਿੱਚ 18 ਅਪ੍ਰੈਲ ਨੂੰ ਵੱਧ ਤੋਂ ਵੱਧ ਔਰਤਾਂ ਸ਼ਾਮਿਲ ਕਰਨ ਦਾ ਸੱਦਾ ਦਿੱਤਾ। ਉਹਨਾਂ ਨੇ ਸੁਯੰਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪਾ ਆਗੂਆਂ ਦੇ ਵਿਰੋਧ ਕਰਨ ਦੇ ਸੱਦੇ ਤੇ ਭਰਵੀਂ ਸ਼ਮੂਲੀਅਤ ਦੀ ਅਪੀਲ ਕੀਤੀ, ਉਹਨਾਂ ਕਿਹਾ ਕਿ ਭਾਜਪਾ ਹਕੂਮਤ ਕਿਸਾਨਾਂ ਦੀ ਕਾਤਲ ਹੈ, ਲਖੀਮਪੁਰ ਖੀਰੀ ਦੇ ਕਿਸਾਨਾਂ ਨੂੰ ਗੱਡੀਆਂ ਹੇਠਾਂ ਦਰੜ ਕੇ ਕਿਸਾਨਾਂ ਨੂੰ ਕਤਲ ਕਰਨ ਵਾਲੀ ਭਾਜਪਾ ਹਕੂਮਤ ਦਾ ਪਿੰਡਾਂ ਅਤੇ ਸ਼ਹਿਰਾਂ ਵਿੱਚ ਡਟਵਾਂ ਵਿਰੋਧ ਕਰਨ ਦਾ ਸੱਦਾ ਦਿੱਤਾ।
ਪਿਛਲੇ ਦਿਨੀਂ ਸੰਗਤ ਮੰਡੀ ਵਿੱਚ ਭਾਜਪਾ ਖਿਲਾਫ਼ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਦੌਰਾਨ ਦਿਹਾਤੀ ਡੀਐਸਪੀ ਮਨਜੀਤ ਸਿੰਘ ਵੱਲੋਂ ਕਿਸਾਨਾਂ ਨੂੰ ਗਾਲ੍ਹਾਂ ਕੱਢਣ ਦੀ ਅਤੇ ਸੰਗਤ ਦੇ ਐਸਐਚਓ ਸੰਦੀਪ ਭਾਟੀ ਵੱਲੋਂ ਕਿਸਾਨਾਂ ਦੇ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ ਗਈ ਅਤੇ ਕੱਲ੍ਹ ਮਲੇਰਕੋਟਲੇ ਵਿੱਚ ਬੀਕੇਯੂ ਉਗਰਾਹਾਂ ਦੇ ਆਗੂਆਂ ਅਤੇ ਵਰਕਰਾਂ ਨੂੰ ਗ੍ਰਿਫ਼ਤਾਰ ਕਰਨ ਅਤੇ ਲਾਠੀਚਾਰਜ ਕਰਨ ਦੀ ਨਿੰਦਿਆਂ ਕੀਤੀ ਗਈ। ਇਸ ਮੌਕੇ ਬਲਾਕ ਸੀਨੀਅਰ ਮੀਤ ਪ੍ਰਧਾਨ ਰਾਮ ਸਿੰਘ ਕੋਟਗੁਰੂ, ਅਜੇਪਾਲ ਸਿੰਘ, ਜਗਤਾਰ ਨਰੂਆਣਾ, ਤਾਰਾ ਪਥਰਾਲਾ, ਸੁਖਦੇਵ ਦੁਨੱਵਾਲਾ ਅਤੇ ਬਲਵੀਰ ਸ਼ੇਰਗੜ੍ਹ ਸਮੇਤ ਪਿੰਡਾਂ ਦੇ ਪ੍ਰਧਾਨ/ਸਕੱਤਰ ਹਾਜ਼ਰ ਸਨ।
ਫਸਲਾਂ ਤੇ ਹੋਈ ਗੜੇਮਾਰੀ ਦਾ ਮੁਆਵਜ਼ਾ
Leave a comment