ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਅਗਾਊਂ ਤਿਆਰੀਆਂ ਸਬੰਧੀ ਕੀਤੀ ਬੈਠਕ
01 ਫਰਵਰੀ (ਗਗਨਦੀਪ ਸਿੰਘ) ਬਠਿੰਡਾ: ਪੰਜਾਬ ਦੇ ਮਾਣਮੱਤੇ ਇਤਿਹਾਸ ਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਜੋ ਗਣਤੰਤਰਤਾ ਦਿਵਸ ਮੌਕੇ ਦਿੱਲੀ ਵਿਖੇ ਪਰੇਡ ਦਾ ਹਿੱਸਾ ਬਣਨੀਆਂ ਸਨ, ਹੁਣ ਇਹ ਝਾਕੀਆਂ ਇੱਥੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਸੂਬਾ ਸਰਕਾਰ ਵੱਲੋਂ ਪੁਰਾਣੀ ਵਿਰਾਸਤ ਦੀ ਸਾਂਭ-ਸੰਭਾਲ ਲਈ ਕੰਮ ਕਰ ਰਹੀ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਸਹਿਯੋਗ ਨਾਲ 9, 10 ਅਤੇ 11 ਫਰਵਰੀ 2024 ਨੂੰ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਦੀ ਸ਼ੁਰੂਆਤ ਮੌਕੇ ਕੱਢੇ ਜਾਣ ਵਾਲੇ ਵਿਰਾਸਤ-ਏ-ਕਾਫ਼ਲੇ ਚ ਸ਼ਾਮਲ ਹੋ ਕੇ ਇਸ ਦਾ ਸਿੰਗਾਰ ਬਣਨਗੀਆਂ।
ਉਪਰੋਕਤ ਜਾਣਕਾਰੀ ਡਿਪਟੀ ਕਮਿਸ਼ਨਰ ਸ. ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਡਾ. ਮਨਦੀਪ ਕੌਰ ਨੇ ਵਿਰਾਸਤੀ ਪਿੰਡ ਜੈਪਾਲਗੜ੍ਹ ਵਿਖੇ ਮੇਲੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਅਹੁੱਦੇਦਾਰਾਂ ਅਤੇ ਅਧਿਕਾਰੀਆਂ ਨਾਲ ਕੀਤੀ ਗਈ ਬੈਠਕ ਦੀ ਪ੍ਰਧਾਨਗੀ ਕਰਦਿਆਂ ਸਾਂਝੀ ਕੀਤੀ। ਇਸ ਮੌਕੇ ਉਨ੍ਹਾਂ ਮੇਲਾ ਪ੍ਰਬੰਧਕਾਂ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੰਦਿਆਂ ਸੌਂਪੀਆਂ ਗਈਆਂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਿਭਾਉਣ ਦੇ ਆਦੇਸ਼ ਵੀ ਦਿੱਤੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਡਾ. ਮਨਦੀਪ ਕੌਰ ਨੇ ਇਸ ਮੇਲੇ ਦੀਆਂ ਅਗਾਊਂ ਤਿਆਰੀਆਂ ਸਬੰਧੀ ਵਿਰਾਸਤੀ ਪਿੰਡ ਜੈਪਾਲਗੜ੍ਹ ਦੀ ਸਾਫ਼-ਸਫ਼ਾਈ, ਡਾਕਟਰੀ ਟੀਮਾਂ, ਪੀਣ ਵਾਲੇ ਪਾਣੀ, ਬੈਰੀਕੇਟਿੰਗ, ਨਿਰਵਿਘਨ ਬਿਜਲੀ ਸਪਲਾਈ ਤੋਂ ਇਲਾਵਾ ਟ੍ਰੈਫ਼ਿਕ ਸਬੰਧੀ ਸੁਚੱਜੇ ਪ੍ਰਬੰਧ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਅਗਾਊਂ ਲੋੜੀਂਦੇ ਪ੍ਰਬੰਧ ਕਰਨ ਲਈ ਵੀ ਹਦਾਇਤ ਕੀਤੀ।
ਇਸ ਦੌਰਾਨ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਪ੍ਰਧਾਨ ਸ. ਹਰਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਇਸ ਵਾਰ ਦਾ ਮੇਲਾ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਹੋਵੇਗਾ। ਇਸ ਮੇਲੇ ਦੀ ਸ਼ੁਰੂਆਤ 9 ਫਰਵਰੀ ਨੂੰ ਸਵੇਰੇ ਗੁਰੂਦੁਆਰਾ ਹਾਜੀ ਰਤਨ ਵਿਖੇ ਅਰਦਾਸ ਕਰਵਾਉਣ ਉਪਰੰਤ ਦਰਗਾਹ ਤੇ ਚਾਦਰ ਚੜ੍ਹਾਉਣ ਨਾਲ ਹੋਵੇਗੀ। ਇਸ ਮੌਕੇ ਇੱਥੋ ਹੀ ਵਿਰਾਸਤ-ਏ-ਕਾਫ਼ਲਾ ਕੱਢਿਆ ਜਾਵੇਗਾ ਜਿਸ ਵਿੱਚ ਪੁਰਾਤਨ ਤੇ ਵਿਰਾਸਤੀ ਵਸਤਾਂ ਤੋਂ ਇਲਾਵਾ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਪ੍ਰਦਰਸ਼ਨੀਆਂ ਤੋਂ ਇਲਾਵਾ ਪੰਜਾਬ ਦੇ ਮਾਣਮੱਤੇ ਇਤਿਹਾਸ ਤੇ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਸ਼ਾਮਲ ਹੋਣਗੀਆ। ਇਸ ਵਿਰਾਸਤੀ ਮੇਲੇ ਦੌਰਾਨ ਵੱਖ-ਵੱਖ ਰਾਜਾਂ ਨਾਲ ਸਬੰਧਤ ਸੱਭਿਆਚਾਰਕ ਵੰਨਗੀਆਂ, ਨਾਟਕਾਂ ਤੋਂ ਇਲਾਵਾ ਪ੍ਰਸਿੱਧ ਗਾਇਕਾਂ ਵਲੋਂ ਆਪਣੀ ਕਲਾਂ ਦਾ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਇਸ ਮੌਕੇ ਸਹਾਇਕ ਕਮਿਸ਼ਨਰ (ਜਨਰਲ) ਪੰਕਜ ਕੁਮਾਰ, ਨਗਰ ਨਿਗਮ ਤੋਂ ਕਾਰਜਕਾਰੀ ਇੰਜਨੀਅਰ ਸ਼੍ਰੀ ਰਾਜਿੰਦਰ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਪਰਮਿੰਦਰ ਸਿੰਘ ਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੋਂ ਇਲਾਵਾ ਮਾਲਵਾ ਹੈਰੀਟੇਜ਼ ਅਤੇ ਸੱਭਿਆਚਾਰਕ ਫਾਊਂਡੇਸ਼ਨ ਦੇ ਨੁਮਾਇੰਦੇ ਸ਼੍ਰੀ ਚਮਕੌਰ ਸਿੰਘ ਮਾਨ, ਸ. ਇੰਦਰਜੀਤ ਸਿੰਘ, ਸ. ਸੁਖਦੇਵ ਸਿੰਘ ਗਰੇਵਾਲ, ਸ. ਗੁਰਮੀਤ ਸਿੰਘ ਸਿੱਧੂ, ਸ. ਬਲਦੇਵ ਸਿੰਘ ਚਹਿਲ, ਸ. ਗੁਰਅਵਤਾਰ ਸਿੰਘ ਗੋਗੀ ਆਦਿ ਹਾਜ਼ਰ ਸਨ।