–ਲੋਕ ਨਸ਼ਿਆਂ ਸਬੰਧੀ ਜਾਣਕਾਰੀ ਪ੍ਰਸ਼ਾਸਨ, ਪੁਲਿਸ ਨੂੰ ਦੇਣ, ਪਛਾਣ ਗੁਪਤ ਰੱਖੀ ਜਾਵੇਗੀ
–ਬਰਨਾਲਾ ਪੁਲਿਸ ਨਸ਼ਿਆਂ ਦੇ ਖਾਤਮੇ ਲਈ ਸਮਰਪਿਤ, ਐੱਸ ਐੱਸ ਪੀ
–ਜ਼ਿਲ੍ਹਾ ਪੱਧਰੀ ਅੰਤਰ ਨਸ਼ਾ ਵਿਰੋਧੀ ਦਿਵਸ ਮਨਾਇਆ ਗਿਆ
26 ਜੂਨ (ਗਗਨਦੀਪ ਸਿੰਘ) ਬਰਨਾਲਾ: ਨਸ਼ਿਆਂ ਉੱਤੇ ਜਿੱਤ ਹਾਸਲ ਕਰਨ ਲਈ ਅਤੇ ਆਪਣੇ ਬੱਚਿਆਂ ਨੂੰ ਇਸ ਕੋਹੜ ਤੋਂ ਬਚਾਉਣ ਲਈ ਸਮਾਜ ਦੇ ਹਰ ਇੱਕ ਵਰਗ ਨੂੰ ਅੱਗੇ ਆ ਕੇ ਇਸ ਲਈ ਕੰਮ ਕਰਨਾ ਚਾਹੀਦਾ ਹੈ। ਜਾਗਰੂਕਤਾ ਨਾਲ ਅਤੇ ਨਸ਼ਿਆਂ ਸਬੰਧੀ ਜਾਣਕਾਰੀ ਸਿਵਿਲ ਅਤੇ ਪੁਲਿਸ ਪ੍ਰਸ਼ਾਸਨ ਨਾਲ ਸਾਂਝੀ ਕਰਕੇ ਨਾ ਸਿਰਫ ਅਸੀਂ ਇਸ ਲੜਾਈ ਵਿੱਚ ਅਹਿਮ ਯੋਗਦਾਨ ਪਾਵਾਂਗੇ ਬਲਕਿ ਆਪਣੇ ਭਵਿੱਖ ਨੂੰ ਵੀ ਸੁਰੱਖਿਅਤ ਰੱਖਾਂਗੇ।
ਇਸ ਗੱਲ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੰਤਰ ਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਕਰਵਾਏ ਗਏ ਵਿਸ਼ੇਸ਼ ਜ਼ਿਲ੍ਹਾ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਇਸ ਸਮਾਗਮ ਵਾਈ ਐੱਸ ਸਕੂਲ ਹੰਡਿਆਇਆ ਵਿਖੇ ਕਰਵਾਇਆ ਗਿਆ।
ਉਨ੍ਹਾਂ ਅਪੀਲ ਕੀਤੀ ਕਿ ਨਸ਼ਿਆਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਜਾਵੇ ਅਤੇ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਸ਼ੇ ਬਾਰੇ ਜਾਣਕਾਰੀ whatsapp ਨੰਬਰ 7508080280 ਉੱਤੇ ਦਿੱਤੀ ਜਾ ਸਕਦੀ ਹੈ।
ਡਿਪਟੀ ਕਮਿਸ਼ਨਰ ਨੇ 15 ਤੋਂ 25 ਸਾਲ ਉਮਰ ਦੇ ਨੌਜਵਾਨਾਂ ਦੇ ਮਾਤਾ ਪਿਤਾ ਨੂੰ ਕਿਹਾ ਕਿ ਇਸ ਉਮਰ ਵਿਚ ਇਨ੍ਹਾਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਇਸ ਉਮਰ ਦੇ ਨੌਜਵਾਨ ਗ਼ਲਤ ਸੰਗਤ ‘ਚ ਪੈ ਕੇ ਨਸ਼ਿਆਂ ਦੇ ਰਾਹ ਨਾ ਪੈਣ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਨੇ ਕਿਹਾ ਕਿ ਬਰਨਾਲਾ ਪੁਲਿਸ ਵੱਲੋਂ ਨਿਰੰਤਰ ਨਸ਼ਿਆਂ ਖਿਲਾਫ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਤਸਕਰਾਂ ਨੂੰ ਗਿਰਫਤਾਰ ਕਰਨ ਦੇ ਨਾਲ ਨਾਲ ਪੁਲਸ ਆਮ ਜਨਤਾ ਨੂੰ ਵੀ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਬਹੁਤ ਹੀ ਜਲਦ ਸ਼ਹਿਰਾਂ, ਪਿੰਡਾਂ, ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਅਤੇ ਪੁਲਿਸ ਵੱਲੋਂ ਸਾਂਝੇ ਤੌਰ ਉੱਤੇ ਉਪਰਾਲਾ ਸ਼ੁਰੂ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਨੌਜਵਾਨ ਪੁਲਸ ਦੀ ਮਦਦ ਕਰਨਗੇ। ਇਸ ਪਹਿਲ ਰਹਿਤ ਵਿਦਿਆਰਥੀਆਂ ਵੱਲੋਂ ਦਿੱਤੀ ਗਈ ਬਹੁਮੁੱਲੀ ਸੂਚਨਾ ਨਾਲ ਨਸ਼ਿਆਂ ਉੱਤੇ ਕਾਬੂ ਪਾਇਆ ਜਾਵੇਗਾ ਅਤੇ ਇਨ੍ਹਾਂ ਨੌਜਵਾਨਾਂ ਦੀਆਂ ਸੇਵਾਵਾ ਸਮਾਜ ਸਿਰਜਣ ‘ਚ ਲਈਆਂ ਜਾਣਗੀਆਂ।
ਇਸ ਮੌਕੇ ਵੱਖ ਵੱਖ ਪੁਲਿਸ ਅਫਸਰ ਅਤੇ ਕਰਮਚਾਰੀ ਹਾਜ਼ਰ ਸਨ।