ਵੋਟਰ ਰਜਿਸਟਰ ਕਰਨ ਦੀ ਆਖਰੀ ਮਿਤੀ 4 ਮਈ
30 ਅਪ੍ਰੈਲ (ਗਗਨਦੀਪ ਸਿੰਘ) ਬਠਿੰਡਾ: ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫਸਰ ਸ ਜਸਪ੍ਰੀਤ ਸਿੰਘ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾ ਤੇ ਸਹਾਇਕ ਰਿਟਰਨਿੰਗ ਅਫਸਰ 9-ਫਰੀਦਕੋਟ ਲੋਕ ਸਭਾ ਚੋਣ ਹਲਕਾ-ਕਮ-ਉਪ ਮੰਡਲ ਮੈਜਿਸਟਰੇਟ, ਰਾਮਪੁਰਾ ਫੂਲ ਸ੍ਰੀ ਕੰਵਰਜੀਤ ਸਿੰਘ ਦੀ ਅਗਵਾਈ ਹੇਠ 90 ਰਾਮਪੁਰਾ ਫੂਲ ਵਿਖੇ ਹਰ ਬੀਐਲਓ ਵਲੋਂ ਆਪਣੇ ਪੋਲਿੰਗ ਸਟੇਸ਼ਨ ’ਤੇ ਨਵੇਂ ਵੋਟਰ ਰਜਿਸਟਰ ਕਰਨ ਸਬੰਧੀ ਮਿਤੀ 3 ਅਤੇ 4 ਮਈ 2024 ਨੂੰ ਸਪੈਸ਼ਲ ਕੈਂਪ ਲਗਾਇਆ ਜਾ ਰਿਹਾ ਹੈ।
ਸਹਾਇਕ ਰਿਟਰਨਿੰਗ ਅਫਸਰ ਰਾਮਪੁਰਾ ਫ਼ੂਲ ਸ੍ਰੀ ਕੰਵਰਜੀਤ ਸਿੰਘ ਨੇ ਦੱਸਿਆ ਕਿ ਵੋਟਰ ਜਾਗਰੂਕਤਾ ਦੇ ਮੱਦੇਨਜ਼ਰ ਕੈਂਪਾਂ ਦੌਰਾਨ ਸਵੀਪ ਟੀਮ ਵਲੋਂ ਲਗਾਤਾਰ ਪਿੰਡਾਂ, ਸ਼ਹਿਰਾਂ, ਵਾਰਡਾਂ ਅਤੇ ਵਿਦਿਅਕ ਅਦਾਰਿਆਂ ਚ ਵੋਟ ਦੀ ਮਹੱਤਤਾ ਸਬੰਧੀ ਨੋਜਵਾਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਸਵੀਪ ਟੀਮ ਵਲੋਂ ਆਪਣੀ ਵੋਟ ਦੀ ਸਹੀ ਵਰਤੋਂ ਬਿਨਾਂ ਕਿਸੇ ਡਰ, ਲਾਲਚ, ਭੈਅ ਅਤੇ ਦਬਾਅ ਤੋਂ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।