ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦੀ ਡਟਵੀਂ ਹਮਾਇਤ ਕਰਨ ਦੀ ਕੀਤੀ ਅਪੀਲ
30 ਅਪ੍ਰੈਲ (ਕਰਨ ਭੀਖੀ) ਮਾਨਸਾ: ਸਾਬਕਾ ਕੇਂਦਰੀ ਮੰਤਰੀ ਤੇ ਬਠਿੰਡਾ ਦੇ ਐਮ ਪੀ ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਅੱਜ ਕਿਹਾ ਕਿ ਦਿੱਲੀ ਆਧਾਰਿਤ ਤਿੰਨਾਂ ਪਾਰਟੀਆਂ ਨੇ ਬਠਿੰਡਾ ਪਾਰਲੀਮਾਨੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਸਾਬਕਾ ਅਕਾਲੀ ਉਮੀਦਵਾਰਾਂ ਵਜੋਂ ਖੜ੍ਹੇ ਕੀਤੇ ਹਨ ਪਰ ਉਹਨਾਂ ਨੂੰ ਸਫਲਤਾ ਨਹੀਂ ਮਿਲੇਗੀ ਤੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਹਨਾਂ ਦੀ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਲਈ ਡੱਟ ਕੇ ਵੋਟਾਂ ਪਾਉਣ।
ਇਸ ਹਲਕੇ ਵਿਚ ਸੀਨੀਅਰ ਆਗੂ ਪ੍ਰੇਮ ਅਰੋੜਾ ਦੇ ਨਾਲ ਵੱਖ-ਵੱਖ ਪਿੰਡਾਂ ਵਿਚ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਬਠਿੰਡਾ ਵਿਚ ਆਪ ਉਮੀਦਵਾਰ ਦਾ ਪਿਛੋਕੜ ਅਕਾਲੀ ਹੈ, ਕਾਂਗਰਸ ਦਾ ਉਮੀਦਵਾਰ ਚਾਰ ਮਹੀਨੇ ਪਹਿਲਾਂ ਤੱਕ ਅਕਾਲੀ ਦਲ ਦਾ ਹਿੱਸਾ ਸੀ ਤੇ ਭਾਜਪਾ ਦੇ ਉਮੀਦਵਾਰ ਵੀ ਅਕਾਲੀ ਪਰਿਵਾਰ ਤੋਂ ਹਨ। ਉਹਨਾਂ ਕਿਹਾ ਕਿ ਇਹ ਸਭ ਕੁਝ ਅਕਾਲੀ ਦਲ ਨੂੰ ਕਮਜ਼ੋਰ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਪਰ ਸਾਨੂੰ ਪੰਜਾਬੀਆਂ ’ਤੇ ਵਿਸ਼ਵਾਸ ਹੈ ਕਿ ਉਹ ਇਹ ਸਮਝਦੇ ਹਨ ਕਿ ਉਹਨਾਂ ਦਾ ਆਪਣਾ ਕੌਣ ਹੈ ਤੇ ਕੌਣ ਸੱਤਾ ਹਾਸਲ ਕਰਨ ਵਾਸਤੇ ਕਿਸਨੂੰ ਵਰਤਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਮੈਂ ਹਰੇਕ ਨੂੰ ਅਪੀਲ ਕਰਾਂਗੀ ਕਿ ਉਹ ਦਿੱਲੀ ਆਧਾਰਿਤ ਤਿੰਨਾਂ ਪਾਰਟੀਆਂ ਦੀ ਕਾਰਗੁਜ਼ਾਰੀ ਦੀ ਤੁਲਨਾ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਦੀ ਸਰਕਾਰ ਨਾਲ ਕਰਨ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਅਜਿਹਾ ਕਰਨ ਸਦਕਾ ਉਹ ਆਪਣੀਆਂ ਵੋਟਾਂ ਸਿਰਫ ਤੇ ਸਿਰਫ ਅਕਾਲੀ ਦਲ ਨੂੰ ਪਾਉਣਗੇ।
ਸਰਦਾਰਨੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਹ ਮਾਣ ਨਾਲ ਕਹਿ ਸਕਦੇ ਹਨ ਕਿ ਅਕਾਲੀ ਦਲ ਨੇ ਹੀ ਪੰਜਾਬੀਆਂ ਵਾਸਤੇ ਸਭ ਤੋਂ ਵੱਧ ਕੰਮ ਕੀਤਾ ਹੈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਨੇ ਸਮਾਜ ਦੇ ਕਮਜ਼ੋਰ ਵਰਗਾਂ ਨੂੰ ਸਭ ਤੋਂ ਵੱਧ ਲਾਭ ਦਿੱਤੇ। ਭਾਵੇਂ ਆਟਾ ਦਾਲਾ ਹੋਵੇ, ਬੁਢਾਪਾ ਪੈਨਸ਼ਨ ਜਾਂ ਸ਼ਗਨ ਸਕੀਮ, ਅਕਾਲੀ ਦਲ ਦੀ ਸਰਕਾਰ ਨੇ ਕਮਜ਼ੋਰ ਵਰਗਾਂ ਦਾ ਭਾਰ ਚੁੱਕਿਆ ਹੈ। ਅਸੀਂ ਗਰੀਬਾਂ ਨੂੰ 200 ਯੂਨਿਟ ਬਿਜਲੀ ਮੁਫਤ ਦਿੱਤੀ ਤੇ ਕਿਸਾਨਾਂ ਨੂੰ ਮੁਫਤ ਬਿਜਲੀ ਵੀ ਅਕਾਲੀ ਦਲ ਦੀ ਸਰਕਾਰ ਨੇ ਦਿੱਤੀ।
ਸਰਦਾਰਨੀ ਬਾਦਲ ਨੇ ਕਿਹਾ ਕਿ ਇਹ ਸਭ ਕੁਝ ਲੋਕਾਂ ਨੂੰ ਬਗੈਰ ਕਿਸੇ ਪ੍ਰਾਪੇਗੰਡੇ ਤੇ ਬਗੈਰ ਕਿਸੇ ਵੀ ਤਰੀਕੇ ਦੀਆਂ ਗਰੰਟੀਆਂ ਦੇ ਦਿੱਤਾ ਗਿਆ। ਉਹਨਾਂ ਕਿਹਾ ਕਿ ਅੱਜ ਇਹ ਪਾਰਟੀਆਂ ਵੋਟਰਾਂ ਨੂੰ ਅਸਮਾਨ ਛੂਹੰਦੇ ਵਾਅਦੇ ਕਰ ਰਹੀਆਂ ਹਨ ਪਰ ਇਹਨਾਂ ਨੇ ਬੀਤੇ ਸਮੇਂ ਦਾ ਆਪਣਾ ਰਿਪੋਰਟ ਕਾਰਡ ਲੋਕਾਂ ਅੱਗੇ ਪੇਸ਼ ਨਹੀਂ ਕੀਤਾ। ਉਹਨਾਂ ਕਿਹਾ ਕਿ ਪਿਛਲੀ ਕਾਂਗਰਸ ਸਰਕਾਰ ਨੇ ਕਿਸਾਨਾਂ ਦੇ ਪੂਰਨ ਕਰਜ਼ਾ ਮੁਆਫੀ ਤੇ ਨੌਜਵਾਨਾਂ ਨੂੰ 25-25 ਸੌ ਰੁਪਏ ਪ੍ਰਤੀ ਮਹੀਨੇ ਬੇਰੋਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਸੀ ਪਰ ਦਿੱਤਾ ਕੁਝ ਵੀ ਨਹੀਂ। ਮੌਜੂਦਾ ਆਪ ਸਰਕਾਰ ਨੇ ਔਰਤਾਂ ਨੂੰ ਇਕ-ਇਕ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਪਰ ਦੋ ਸਾਲਾਂ ਬਾਅਦ ਵੀ ਹਾਲੇ ਤੱਕ ਇਕ ਫੁੱਟੀ ਕੌਡੀ ਨਹੀਂ ਦਿੱਤੀ।
ਬਠਿੰਡਾ ਦੇ ਐਮ ਪੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਸੂਬੇ ਦੇ ਇਤਿਹਾਸ ਦੀ ਸਭ ਤੋਂ ਮਾੜੀ ਸਰਕਾਰ ਸਾਬਤ ਹੋ ਰਹੀ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਤੋਂ ਰੋਜ਼ਗਾਰ ਖੋਹ ਕੇ ਬਾਹਰਲਿਆਂ ਨੂੰ ਰੋਜ਼ਗਾਰ ਦੇ ਦਿੱਤੇ ਹਨ। ਇਸ ਸਰਕਾਰ ਨੇ ਕਾਨੂੰਨ ਵਿਵਸਥਾ ਢਹਿ ਢੇਰੀ ਹੋਣ ਦੀ ਪ੍ਰਧਾਨਗੀ ਕੀਤੀ ਜਿਸ ਨਾਲ ਗੈਂਗਸਟਰ ਰਾਜ ਕਾਇਮ ਹੋਇਆ। ਇਸਨੇ ਇਕ ਲੱਖ ਕਰੋੜ ਰੁਪਏ ਦਾ ਕਰਜ਼ਾ ਲੈ ਕੇ ਸੂਬੇ ਨੂੰ ਕੰਗਾਲ ਤਾਂ ਕੀਤਾ ਪਰ ਕਿਸਾਨਾਂ ਦੋ ਤਿੰਨ ਵਾਰ ਫਸਲ ਖਰਾਬ ਹੋਣ ’ਤੇ ਵੀ ਉਹਨਾਂ ਨੂੰ ਇਕ ਫੁੱਟੀ ਕੌਡੀ ਵੀ ਮੁਆਵਜ਼ੇ ਵਜੋਂ ਨਹੀਂ ਦਿੱਤੀ।
ਔਰਤਾਂ ਨਾਲ ਜਦੋਂ ਸਰਦਾਰਨੀ ਬਾਦਲ ਨੇ ਗੱਲਬਾਤ ਕੀਤੀ ਤਾਂ ਉਹਨਾਂ ਪਿੰਡਾਂ ਵਿਚ ਨਸ਼ਿਆਂ ਦੇ ਵਿਆਪਕ ਪਸਾਰ ਦੀ ਸ਼ਿਕਾਇਤ ਕੀਤੀ। ਉਹਨਾਂ ਕਿਹਾ ਕਿ ਪਹਿਲਾਂ ’ਚਿੱਟੇ’ ਨੂੰ ਕੋਈ ਨਹੀਂ ਜਾਣਦਾ ਸੀ ਪਰ ਆਪ ਸਰਕਾਰ ਦੇ ਰਾਜ ਵਿਚ ਹੁਣ ਚਿੱਟੇ ਦੀ ਹੋਮ ਡਲੀਵਰੀ ਹੋ ਰਹੀ ਹੈ। ਆਪ ਵਿਧਾਇਕ ਨਸ਼ਾ ਤਸਕਰਾਂ ਤੋਂ ਮਹੀਨੇ ਲੈ ਰਹੇ ਹਨ ਅਤੇ ਉਹਨਾਂ ਖਿਲਾਫ ਕਾਰਵਾਈ ਨਾ ਕਰਨ ਲਈ ਪੁਲਿਸ ’ਤੇ ਦਬਾਅ ਬਣਾ ਰਹੇ ਹਨ।