–ਆੜ੍ਹਤੀਆਂ, ਖ਼ਰੀਦ ਏਜੰਸੀਆ ਦੇ ਕਰਮਚਾਰੀਆਂ ਨੂੰ ਕਣਕ ਖ਼ਰੀਦ ‘ਚ ਦੇਰੀ ਕਰਕੇ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਨਿਰਦੇਸ਼
–ਕਿਸੇ ਵੀ ਕਿਸਾਨ ਨੂੰ 24 ਘੰਟੇ ਤੋਂ ਵੱਧ ਮੰਡੀ ‘ਚ ਰੁਕਣ ਦੀ ਲੋੜ ਨਾ ਪਵੇ, ਡਿਪਟੀ ਕਮਿਸ਼ਨਰ
–156220 ਮੀਟ੍ਰਿਕ ਟਨ ਕਣਕ ਜ਼ਿਲ੍ਹੇ ਦੀਆਂ ਮੰਡੀਆਂ ‘ਚ ਪੁੱਜੀ, 135032 ਮੀਟ੍ਰਿਕ ਟਨ ਖਰੀਦੀ ਗਈ
–72 ਘੰਟਿਆਂ ‘ਚ 148 ਫੀਸਦੀ ਖਰੀਦੀ ਗਈ ਕਣਕ ਚੁੱਕੀ ਗਈ, 242 ਕਰੋੜ ਅਦਾਇਗੀਆਂ ਕੀਤੀਆਂ ਗਈਆਂ
24 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਜ਼ਿਲ੍ਹਾ ਬਰਨਾਲਾ ਦੀ ਵੱਖ ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਅਤੇ ਖਰੀਦ ਪ੍ਰਬੰਧਾਂ ਸਬੰਧੀ ਜਾਇਜ਼ਾ ਲਿਆ।
ਡਿਪਟੀ ਕਮਿਸ਼ਨਰ ਨੇ ਦਾਣਾ ਮੰਡੀ ਧਨੌਲਾ, ਕਾਲੇਕੇ, ਅਸਪਾਲ ਕਲਾਂ, ਅਸਪਾਲ ਖੁਰਦ, ਨੰਗਲ ਆਦਿ ਮੰਡੀਆਂ ਦਾ ਦੌਰਾ ਕੀਤਾ। 24 ਘੰਟਿਆਂ ਤੋਂ ਵੱਧ ਆਪਣੀ ਜਿਣਸ ਲੈ ਕੇ ਦਾਣਾ ਮੰਡੀਆਂ ‘ਚ ਬੈਠੇ ਕਿਸਾਨਾਂ ਦੀ ਸਥਿਤੀ ਦਾ ਸਖ਼ਤ ਨੋਟਿਸ ਲੈਂਦਿਆਂ, ਡਿਪਟੀ ਕਮਿਸ਼ਨਰ ਨੇ ਹੁਕਮ ਕੀਤੇ ਕਿ ਇਨ੍ਹਾਂ ਸਾਰੀਆਂ ਮੰਡੀਆਂ ‘ਚ ਤਾਇਨਾਤ ਆੜ੍ਹਤੀਆਂ ਅਤੇ ਸਰਕਾਰੀ ਖ਼ਰੀਦ ਏਜੰਸੀਆਂ ਦੇ ਕਰਮਚਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਜਾਣ।
ਉਨ੍ਹਾਂ ਸਖ਼ਤ ਨਿਰਦੇਸ਼ ਦਿੱਤੇ ਕਿ ਕਿਸਾਨਾਂ ਨੂੰ 24 ਘੰਟਿਆਂ ਤੋਂ ਵੱਧ ਕਣਕ ਲੈ ਕੇ ਮੰਡੀ ‘ਚ ਬੈਠਣ ਦੀ ਲੋੜ ਨਾ ਪਵੇ। ਨਾਲ ਹੀ ਉਨ੍ਹਾਂ ਨਿਰਦੇਸ਼ ਦਿੱਤੇ ਕਿ ਆੜ੍ਹਤੀਆਂ ਹਰ ਇੱਕ ਕਿਸਾਨ ਦੀ ਢੇਰੀ ਦੀ ਸਫਾਈ ਅਤੇ ਉਸ ਉੱਤੇ ਪੱਖਾ ਲਗਾਉਣਾ ਯਕੀਨੀ ਬਣਾਉਣ। ਨਾਲ ਹੀ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਆਪਣੀ ਆਪਣੀ ਮੰਡੀਆਂ ‘ਚ ਰੋਜ਼ਾਨਾ ਜਾਣ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੌਕੇ ਉੱਤੇ ਹੱਲ ਕਰਨ।
ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਹੁਣ ਤੱਕ 156220 ਮੀਟ੍ਰਿਕ ਟਨ ਕਣਕ ਮੰਡੀਆਂ ‘ਚ ਪੁੱਜ ਚੁੱਕੀ ਹੈ ਜਿਸ ਵਿੱਚੋਂ 24130 ਮੀਟ੍ਰਿਕ ਟਨ 23 ਅਪ੍ਰੈਲ ਨੂੰ ਪੁੱਜੀ। ਨਾਲ ਹੀ ਹੁਣ ਤੱਕ 13503 ਮੀਟ੍ਰਿਕ ਟਨ ਕਣਕ ਖ਼ਰੀਦ ਲਈ ਗਈ ਹੈ ਜਿਸ ਵਿੱਚੋਂ 42016 ਮੀਟ੍ਰਿਕ ਟਨ 23 ਅਪ੍ਰੈਲ ਨੂੰ ਖਰੀਦੀ ਗਈ।
ਉਨ੍ਹਾਂ ਦੱਸਿਆ ਕਿ ਖਰੀਦੀ ਗਈ ਜਿਣਸ ਚੁੱਕਣ ਦਾ ਕੰਮ ਤੇਜੀ ਨਾ ਕੀਤਾ ਜਾ ਰਿਹਾ ਹੈ ਅਤੇ 45367 ਮੀਟਰਿਕ ਟਨ ਕਣਕ (ਜਿਹੜੀ ਕਿ ਪਿਛਲੇ 72 ਘੰਟਿਆਂ ‘ਚ 148 ਫੀਸਦੀ ਬਣਦੀ ਹੈ) ਹੁਣ ਤੱਕ ਮੰਡੀਆਂ ਚੋਂ ਚੁੱਕ ਲਈ ਗਈ ਹੈ। ਕਿਸਾਨਾਂ ਨੂੰ 242 ਕਰੋੜ ਰੁਪਏ ਦੀ ਅਦਾਇਗੀ ਇਸ ਸਬੰਧ ‘ਚ ਕਰ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੱਧਰੀ ਵੱਖ ਵੱਖ ਅਧਿਕਾਰੀਆਂ ਨੇ ਵੀ ਦਾਣਾ ਮੰਡੀਆਂ ਦਾ ਦੌਰਾ ਕੀਤਾ। ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਅਨੁਪ੍ਰਿਤਾ ਜੋਹਲ ਨੇ ਪਿੰਡ ਜੋਧਪੁਰ, ਹੰਡਿਆਇਆ, ਚੀਮਾ ਆਦਿ ਮੰਡੀਆਂ ਦਾ ਦੌਰਾ ਕੀਤਾ।
ਉੱਪ ਮੰਡਲ ਮੈਜਿਸਟ੍ਰੇਟ ਮਹਿਲ ਕਲਾਂ ਸ੍ਰੀ ਸਤਵੰਤ ਸਿੰਘ ਨੇ ਵਿਧਾਤੇ, ਟੱਲੇਵਾਲ, ਰਾਮਗੜ੍ਹ, ਮੱਝੂਕੇ, ਤਲਵੰਡੀ ਆਦਿ ਪਿੰਡਾਂ ਦੀਆਂ ਮੰਡੀਆਂ ਦਾ ਦੌਰਾ ਕੀਤਾ ਅਤੇ ਮੌਕੇ ਉੱਤੇ ਕਿਸਾਨਾਂ ਦੀ ਸਮੱਸਿਆਵਾਂ ਹੱਲ ਕੀਤੀਆਂ।
ਇਸੇ ਤਰ੍ਹਾਂ ਉੱਪ ਮੰਡਲ ਮੈਜਿਸਟ੍ਰੇਟ ਤਪਾ ਡਾ. ਪੂਨਮਪ੍ਰੀਤ ਕੌਰ ਨੇ ਪੱਖੋਕੇ, ਉਗੋਕੇ ਆਦਿ ਮੰਡੀਆਂ ਦਾ ਦੌਰਾ ਕੀਤਾ। ਉੱਪ ਮੰਡਲ ਮੈਜਿਸਟ੍ਰੇਟ ਸ੍ਰੀ ਵਰਿੰਦਰ ਸਿੰਘ ਨੇ ਬਡਬਰ, ਕੁੱਬੇ, ਭੈਣੀ ਮਹਿਰਾਜ ਆਦਿ ਦਾ ਦੌਰਾ ਕੀਤਾ।