14 ਮਈ (ਗਗਨਦੀਪ ਸਿੰਘ) ਫਰੀਦਕੋਟ: ਐੱਸ.ਐੱਫ਼.ਵੀ.ਸੀ. ਗਰੁੱਪ ਆਫ਼ ਐਜੂਕੇਸ਼ਨ ਅਤੇ ਪੈਰਾਮਾਉੰਟ ਆਈਲੈਟਸ ਐਂਡ ਇਮੀਗ੍ਰੇਸ਼ਨ ਵੱਲੋਂ ਬਰਕਤ ਟੀ.ਵੀ. ਦੇ ਸਹਿਯੋਗ ਨਾਲ ਮਹਾਤਮਾ ਗਾਂਧੀ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਫਰੀਦਕੋਟ ਵਿਖੇ ਡਾ. ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਤੀਸਰਾ ‘ਬਰਕਤ-ਏ-ਸ਼ਾਇਰੀ’ ਮੁਸ਼ਾਇਰਾ ਮਿਤੀ 12 ਮਈ 2024 ਨੂੰ ਆਯੋਜਿਤ ਕੀਤਾ ਗਿਆ। ਡਾ. ਸੁਰਜੀਤ ਪਾਤਰ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਦੇ ਦੁੱਖ ਵਿੱਚ ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਇੱਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ ਅਤੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਇਸ ਪ੍ਰੋਗਰਾਮ ਦੇ ਮੁੱਖ-ਪ੍ਰਬੰਧਕ ਗੁਰਜੀਤ ਸਿੰਘ ਹੈਰੀ ਢਿੱਲੋਂ, ਮਨਿੰਦਰ ਸਿੰਘ ਢਿੱਲੋਂ ਤੇ ਗੁਰਭੇਜ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਰਕਤ ਟੀ.ਵੀ. ਦੇ ਸੰਚਾਲਕਾਂ ਤਰਨਦੀਪ ਸਿੰਘ ਰੂਹਾਨ, ਗੁਰਮੁੱਖ ਸਿੰਘ, ਕਮਲਪ੍ਰੀਤ ਦਿਲਦਰਦ ਦੇ ਸੁੱਚਜੇ ਯਤਨਾਂ ਸਦਕਾ ਪ੍ਰੋਗਰਾਮ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ।
ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਸਮਾਜ ਸੇਵੀ ਕੈਪਟਨ ਧਰਮ ਸਿੰਘ ਗਿੱਲ ਨੇ ਮੁੱਖ ਮਹਿਮਾਨ ਰਵਿੰਦਰ ਬੁਗਰਾ ਜੀ ਵਜੋਂ ਅਤੇ ਸ. ਨਵਦੀਪ ਸਿੰਘ ਗਿੱਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਸ. ਜਸਵੰਤ ਸਿੰਘ ਪੁਰਬਾ, ਪ੍ਰਿੰ. ਸੁਰੇਸ਼ ਅਰੋੜਾ, … ਆਦਿ ਵੀ ਉਚੇਚੇ ਤੌਰ ਤੇ ਸ਼ਾਮਿਲ ਹੋਏ। ਪ੍ਰੋ. ਬੀਰ ਇੰਦਰ ਅਤੇ ਰਵਿੰਦਰ ਬੁਗਰਾ ਜੀ ਨੇ ਵਿਸ਼ੇਸ਼ ਸਹਿਯੋਗ ਦਿੱਤਾ।
ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚੋਂ ਪ੍ਰਸਿੱਧ ਕਵੀਆਂ ਨੇ ਸ਼ਿਰਕਤ ਕੀਤੀ ਅਤੇ ਆਪਣੀਆਂ ਖੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਦੁਆਰਾ ਵਾਹ ਵਾਹ ਖੱਟੀ। ਮਹਿਮਾਨ ਕਵੀਆਂ ਵਜੋਂ ਗੁਰਵੀਰ ਅਤਫ਼, ਸਿਮਬਰਨ ਕੌਰ ਸਾਬਰੀ, ਬੂਟਾ ਗੁਲਾਮੀ ਵਾਲਾ, ਪ੍ਰੋ.ਬੀਰ ਇੰਦਰ, ਸ਼ਿਵਨਾਥ ਦਰਦੀ, ਸੁਖਜਿੰਦਰ ਮੁਹਾਰ, ਸੁਖਰਾਜ, ਭੁਪਿੰਦਰ ਪਰਵਾਜ਼, ਗੁਰਭੇਜ ਸਿੰਘ ਅਤੇ ਦੂਰ ਦੁਰਾਡੇ ਤੋਂ ਵੀ ਕਵੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਉੱਭਰਦੇ ਕਵੀ ਗੁਰਭੇਜ ਸਿੰਘ ਦੀ ਆਉਣ ਵਾਲੀ ਕਿਤਾਬ ‘ ਜੇ ਤੂੰ ਚਾਹੁੰਦੀ ਤਾਂ…’ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਕਿਤਾਬ ਨੂੰ ਕੁਦਰਤ ਪਬਲੀਕੇਸ਼ਨਜ਼ ਦੁਆਰਾ ਛਾਪਿਆ ਜਾ ਰਿਹਾ ਹੈ। ਇਸ ਆਉਣ ਵਾਲੀ ਕਾਵਿ ਪੁਸਤਕ ਵਿੱਚ ਪ੍ਰੋ. ਬੀਰ ਇੰਦਰ ਨੇ ਮੁੱਖ ਭੂਮਿਕਾ ਲਿਖੀ ਹੈ। ਇਹ ਕਿਤਾਬ ਨੂੰ ਲੁਧਿਆਣਾ ਵਿਖੇ ਜਲਦ ਹੀ ਰਿਲੀਜ਼ ਕੀਤਾ ਜਾਵੇਗਾ। ਪ੍ਰੋਗਰਾਮ ਦੇ ਅੰਤ ਵਿੱਚ ਮੁੱਖ ਮਹਿਮਾਨ, ਵਿਸ਼ੇਸ਼ ਮਹਿਮਾਨਾਂ, ਮਹਿਮਾਨ ਕਵੀਆਂ ਅਤੇ ਸਹਿਯੋਗੀਆਂ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਗਿਆ।