ਵੋਟਾਂ ’ਚ ਡਿਊਟੀ ਦੌਰਾਨ ਜ਼ਖ਼ਮੀ ਅਧਿਆਪਕਾ ਤੇ ਉਸਦੇ ਭਰਾ ਦੀ ਮੌਤ ਦਾ ਪਰਿਵਾਰ ਨੂੰ ਇਨਸਾਫ਼ ਦਿਵਾਉਣ ਮੰਗ।
ਗੁਰਿੰਦਰ ਔਲਖ
ਭੀਖੀ, 17 ਅਕਤੂਬਰ
ਡੀ. ਟੀ. ਐਫ ਅਤੇ ਕੰਪਿਊਟਰ ਅਧਿਆਪਕ ਯੂਨੀਅਨ ਮਾਨਸਾ ਦੀ ਸਾਂਝੀ ਮੀਟਿੰਗ ਜਿਲ੍ਹਾ ਪ੍ਰਧਾਨ ਅਮੋਲਕ ਡੇਲੂਆਣਾ ਅਤੇ ਸੱਤਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਭੀਖੀ ਵਿਖੇ ਹੋਈ ਜਿਸ ਵਿੱਚ ਪਰਸੋਂ ਰਾਤ ਵੋਟਾਂ ਦੀ ਡਿਊਟੀ ਤੋਂ ਆਪਣੀ ਭੈਣ ਨੂੰ ਵਾਪਸ ਲਿਆਉਦੇਂ ਸਮੇਂ ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਅਵਤਾਰ ਸਿੰਘ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟਾਇਆ ਗਿਆ ਅਤੇ ਹਾਦਸੇ ਦੌਰਾਨ ਗੰਭੀਰ ਜ਼ਖ਼ਮੀ ਪਰਮਜੀਤ ਕੌਰ ਈ. ਟੀ. ਟੀ ਅਧਿਆਪਕਾ ਦੀ ਜਲਦੀ ਸਿਹਤਜਾਬ ਹੋਣ ਦੀ ਕਾਮਨਾ ਕੀਤੀ ਗਈ ਤੇ ਜਿਲ੍ਹਾ ਪ੍ਰਸ਼ਾਸਨ ਦੇ ਨਾਕਸ ਤੇ ਕੁਚੱਜੇ ਪ੍ਰਬੰਧਾਂ ਦੀ ਨਿਖੇਧੀ ਕੀਤੀ ਗਈ।
ਮੀਟਿੰਗ ਦੌਰਾਨ ਪਰਿਵਾਰ ਨੂੰ ਬਣਦਾ ਇਨਸਾਫ਼ ਦਿਵਾਉਣ ਲਈ ਅਗਲੀ ਰਣਨੀਤੀ ਉਲੀਕੀ ਗਈ ਤੇ ਹਾਦਸਾ ਕਰਕੇ ਭੱਜਣ ਵਾਲੇ ਮੁਲਜ਼ਮ ਦੀ ਜਲਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ। ਹਾਦਸੇ ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਦੀ ਵਿਧਵਾ ਨੂੰ ਯੋਗਤਾ ਅਨੁਸਾਰ ਸਰਕਾਰੀ ਨੌਕਰੀ ਤੇ ਨਿਯਮਾਂ ਤਹਿਤ ਬਣਦੇ ਮੁਆਵਜ਼ੇ ਦੀ ਮੰਗ ਵੀ ਪ੍ਰਸ਼ਾਸਨ ਤੇ ਸਰਕਾਰ ਤੋਂ ਕੀਤੀ ਗਈ। ਜਥੇਬੰਦੀਆਂ ਨੇ ਸਪੱਸ਼ਟ ਕੀਤਾ ਕਿ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜੇ ਤਿੱਖਾ ਘੋਲ ਵੀ ਲੜਣਾ ਪਿਆ ਤਾਂ ਲੜਿਆ ਜਾਵੇਗਾ।
ਇਸ ਸਮੇਂ ਪੰਚਾਇਤੀ ਚੋਣਾਂ ਦੌਰਾਨ ਮੁਲਾਜ਼ਮਾਂ ਨੂੰ ਦਰਪੇਸ਼ ਆਈਆਂ ਪਰੇਸ਼ਾਨੀਆਂ ਬਾਰੇ ਚਰਚਾ ਕੀਤੀ ਗਈ ਉਕਤ ਪ੍ਰੇਸਾਨੀਆਂ ਬਾਰੇ ਪ੍ਰਸ਼ਾਸਨ ਦੇ ਧਿਆਨ ਵਿੱਚ ਲਿਆਉਣ ਦਾ ਮਤਾ ਵੀ ਸਭ ਦੀ ਸਹਿਮਤੀ ਨਾਲ ਪਾਸ ਕੀਤਾ ਗਿਆ।
ਇਸ ਮੌਕੇ ਅਮਰੀਕ ਸਿੰਘ ਭੀਖੀ, ਦਿਲਬਾਗ ਰੱਲੀ, ਅਮਰਿੰਦਰ ਸਿੰਘ, ਜਸਵੀਰ ਭੰਮਾ, ਹਰਪ੍ਰੀਤ ਸਿੰਘ ਖੜਕ ਸਿੰਘ ਵਾਲਾ, ਕੁਲਵਿੰਦਰ ਸਿੰਘ, ਜਸਵਿੰਦਰ ਕੁਮਾਰ, ਜਗਰਾਜ ਸਿੰਘ ਮਾਨਸਾ, ਮਲਕੀਤ ਸਿੰਘ ਬੁਢਲਾਡਾ, ਅਜੇ ਮਿੱਤਲ, ਰਾਜਦੀਪ ਸਿੰਘ, ਜਸਪਾਲ ਸਿੰਘ, ਕੁਲਦੀਪ ਸਿੰਘ, ਯੋਗਰਾਜ ਮਾਨਸਾ ਆਦਿ ਸਾਥੀ ਹਾਜ਼ਰ ਸਨ।
ਫੋਟੋ ਕੈਪਸ਼ਨ: ਮੀਟਿੰਗ ਦੌਰਾਨ ਹਾਜ਼ਰ ਅਧਿਆਪਕ ਯੂਨੀਅਨ ਆਗੂ ਤੇ ਅਧਿਆਪਕ।