–ਜ਼ਿਲ੍ਹਾ ਚੋਣ ਅਫ਼ਸਰ, ਜ਼ਿਲ੍ਹਾ ਪੁਲਿਸ ਮੁਖੀ ਨੇ ਕੀਤੀ ਜ਼ਿਲ੍ਹਾ ਪੱਧਰੀ ਸਿਵਲ, ਪੁਲਿਸ ਅਧਿਕਾਰੀਆਂ ਨਾਲ ਬੈਠਕ
–ਸ਼ਰਾਬ ਦੀ ਜ਼ਿਲ੍ਹੇ ‘ਚ ਆਮਦ ਸਬੰਧੀ ਮੁਸਤੈਦ ਰਹਿਣ ਦੇ ਨਿਰਦੇਸ਼
04 ਅਪ੍ਰੈਲ (ਗਗਨਦੀਪ ਸਿੰਘ) ਬਰਨਾਲਾ: ਲੋਕ ਸਭਾ ਚੋਣਾਂ 2024 ਸਬੰਧੀ ਕੀਤੀ ਜਾਣ ਵਾਲੀ ਚੈਕਿੰਗ ਦੌਰਾਨ ਜ਼ਬਤ ਕੀਤੇ ਗਏ ਗਹਿਣਿਆਂ ਦੀ ਕੀਮਤ ਦਾ ਮੁੱਢਲਾ ਮੁਲਾਂਕਣ ਮੌਕੇ ਉੱਤੇ ਹੀ ਕੀਤਾ ਜਾਵੇ । ਇਸ ਸਬੰਧੀ ਰਿਪੋਰਟ ਬਣਾ ਕੇ ਜ਼ਿਲ੍ਹਾ ਪੱਧਰ ਉੱਤੇ ਗਠਿਤ ਕਮੇਟੀ ਨੂੰ ਸੌਂਪੀ ਜਾਵੇ ਤਾਂ ਜੋ ਨਿਯਮਾਂ ਅਨੁਸਾਰ ਇਸ ਸਬੰਧੀ ਕਾਰਵਾਈ ਕੀਤੀ ਜਾ ਸਕੇ।
ਇਹ ਨਿਰਦੇਸ਼ ਜ਼ਿਲ੍ਹਾ ਚੋਣ ਅਫ਼ਸਰ – ਕਮ – ਡਿਪਟੀ ਕਮਿਸ਼ਨਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਚੋਣਾਂ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਦੌਰਾਨ ਦਿੱਤੇ । ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਵੀ ਮੌਜੂਦ ਸਨ । ਉਨ੍ਹਾਂ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਅਧਿਕਾਰੀਆਂ ਦੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਲਾਇੰਗ ਸਕੁਐਡ ਟੀਮਾਂ ਵੱਲੋਂ ਨਾਕੇ ਲਗਾ ਕੇ ਜਦ ਵੀ ਕਿਸੇ ਪ੍ਰਕਾਰ ਦੀ ਸੋਨਾ / ਚਾਂਦੀ ਜਾਂ ਹੋਰ ਜ਼ੇਵਰ ਜਬਤ ਕੀਤੇ ਜਾਂਦੇ ਹਨ ਉਸ ਵੇਲੇ ਜ਼ਬਤ ਕੀਤੇ ਗਏ ਸਮਾਨ ਦਾ ਅਨੁਮਾਨਿਤ ਮੁੱਲ ਵੀ ਲਿਖਣ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰ ਉੱਤੇ ਵਿਸ਼ੇਸ਼ ਕਮੇਟੀ ਗਠਿਤ ਕੀਤੀ ਗਈ ਹੈ ਜਿਸ ਕੋਲ ਜ਼ਬਤ ਕੀਤੇ ਸਮਾਨ ਸਬੰਧੀ ਲੋਕ ਆਪਣਾ ਬੇਨਤੀ ਪੱਤਰ ਦੇ ਕੇ ਆਪਣਾ ਸਮਾਨ ਲੈ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਮੇਟੀ ਦੇ ਪ੍ਰਧਾਨ ਵਧੀਕ ਜ਼ਿਲ੍ਹਾ ਚੋਣ ਅਫ਼ਸਰ, ਸਕੱਤਰ ਜ਼ਿਲ੍ਹਾ ਪਰਿਸ਼ਦ ਅਤੇ ਜ਼ਿਲ੍ਹਾ ਖ਼ਜ਼ਾਨਾ ਅਫ਼ਸਰ ਹਨ ਜਿਨ੍ਹਾਂ ਵੱਲੋਂ ਪ੍ਰਾਪਤ ਕੀਤੀ ਗਈ ਅਰਜ਼ੀਆਂ ਅਤੇ ਸਬੰਧਿਤ ਦਸਤਾਵੇਜ ਵਾਚ ਕੇ ਸਮਾਨ ਨਿਯਮਾਂ ਮੁਤਾਬਿਕ ਵਾਪਸ ਸੁਪੁਰਦ ਕਰ ਦਿੱਤਾ ਜਾਂਦਾ ਹੈ । ਜ਼ਿਲ੍ਹਾ ਚੋਣ ਅਫ਼ਸਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜਦ ਵੀ ਉਹ ਕੈਸ਼, ਜ਼ੇਵਰ ਆਦਿ ਲੈ ਕੇ ਤੁਰਦੇ ਹਨ ਤਾਂ ਉਸ ਦੇ ਵੇਰਵੇ ਵੀ ਉਨ੍ਹਾਂ ਕੋਲ ਹੋਣ ਤਾਂ ਜੋ ਟੀਮਾਂ ਵੱਲੋਂ ਕੀਤੀ ਗਈ ਚੈਕਿੰਗ ਦੌਰਾਨ ਉਹ ਆਪਣੇ ਦਸਤਾਵੇਜ਼ ਦੇ ਸਕਣ।
ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਨੇ ਨਿਰਦੇਸ਼ ਦਿੱਤੇ ਕਿ ਜ਼ਿਲ੍ਹਾ ਬਰਨਾਲਾ ‘ਚ ਬਾਹਰ ਤੋਂ ਆਉਣ ਵਾਲੀ ਸ਼ਰਾਬ ਉੱਤੇ ਕੜੀ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਬਰਨਾਲਾ ਜ਼ਿਲ੍ਹੇ ‘ਚ ਕਿਸੇ ਹੋਰ ਇਲਾਕੇ ਦੀ ਸ਼ਰਾਬ ਜਾਂ ਕਿਸੇ ਹੋਰ ਇਲਾਕੇ ‘ਚ ਬਰਨਾਲਾ ਜ਼ਿਲ੍ਹੇ ਦੀ ਸ਼ਰਾਬ ਫੜੀ ਜਾਂਦੀ ਹੈ ਤਾਂ ਇਸ ਦੀ ਨਿਰੋਲ ਜਿੰਮੇਵਾਰੀ ਸਬੰਧਿਤ ਅਫ਼ਸਰ ਦੀ ਹੋਵੇਗੀ । ਉਨ੍ਹਾਂ ਨਿਰਦੇਸ਼ ਦਿੱਤੇ ਕਿ ਸਾਰੇ ਅਧਿਕਾਰੀ ਆਪਣੇ ਆਪਣੇ ਖੇਤਰਾਂ ਵਿਚ ਪੈਣ ਵਾਲੇ ਪੋਲਿੰਗ ਸਟੇਸ਼ਨਾਂ ਵਿਖੇ ਚੋਣਾਂ ਹੋਣ ਤੋਂ ਪਹਿਲਾਂ ਘੱਟੋ ਘੱਟ 2 ਵਾਰ ਫੇਰਾ ਪਾ ਲੈਣ ਅਤੇ ਸੁਰੱਖਿਆ ਸਬੰਧੀ ਸਾਰੇ ਪ੍ਰਬੰਧ ਵੇਖ ਲੈਣ।
ਨਾਲ ਹੀ ਉਨ੍ਹਾਂ ਨਿਰਦੇਸ਼ ਦਿੱਤੇ ਕਿ ਸੀ-ਵਿਜਿਲ ਮੋਬਾਈਲ ਐਪਲੀਕੈਸ਼ਨ ਉੱਤੇ ਪ੍ਰਾਪਤ ਹੋਣ ਵਾਲੀਆਂ ਅਰਜ਼ੀਆਂ ਦਾ ਨਿਬੇੜਾ 100 ਮਿੰਟਾਂ ਅਤੇ ਸ਼ਿਕਾਇਤ ਕੇਂਦਰ ਵਿਖੇ ਪ੍ਰਾਪਤ ਹੋਈਆਂ ਅਰਜ਼ੀਆਂ ਦਾ ਨਿਬੇੜਾ 12 ਘੰਟਿਆਂ ਦੇ ਅੰਦਰ ਅੰਦਰ ਕਰ ਦਿੱਤਾ ਜਾਵੇ।
ਮੀਟਿੰਗ ‘ਚ ਵਧੀਕ ਚੋਣ ਜ਼ਿਲ੍ਹਾ ਚੋਣ ਅਫ਼ਸਰ ਅਨੁਪ੍ਰਿਤਾ ਜੋਹਲ, ਸਹਾਇਕ ਰਿਟਰਨਿੰਗ ਅਫ਼ਸਰ ਭਦੌੜ ਪੁਨਮਪ੍ਰੀਤ ਕੌਰ, ਐੱਸ.ਪੀ. ਜਗਦੀਸ਼ ਕੁਮਾਰ, ਐੱਸ .ਪੀ. ਸੰਦੀਪ ਸਿੰਘ ਮੰਡ, ਡੀ. ਐੱਸ. ਪੀ. ਮਾਨਵਜੀਤ ਸਿੰਘ, ਡੀ. ਐੱਸ. ਪੀ. ਕੰਵਰ ਪਾਲ ਸਿੰਘ, ਡੀ. ਐੱਸ. ਪੀ. ਕੁਲਵੰਤ ਸਿੰਘ, ਸਿਵਲ ਸਰਜਨ ਡਾ. ਹਰਿੰਦਰ ਸ਼ਰਮਾ, ਜ਼ਿਲ੍ਹਾ ਅਟਾਰਨੀ ਗਗਨਦੀਪ ਭਾਰਦਵਾਜ ਅਤੇ ਹੋਰ ਅਧਿਕਾਰੀ ਹਾਜ਼ਰ ਸਨ।