- ਕਿਸੇ ਵੀ ਗੀਤ ਦਾ ਮਕਬੂਲੀਅਤ ਦਾ ਪੈਮਾਨਾ ਇੰਟਰਨੈੱਟ ਦੇ ਵਿਊ ਨਹੀਂ ਬਲਕਿ ਹੱਟੀਆਂ, ਭੱਠੀਆਂ, ਸੱਥ-ਦਰਵਾਜੇ ਹੁੰਦੇ ਨੇ
ਪਿਛਲੇ ਪੱਚੀ ਕੁ ਵਰ੍ਹਿਆਂ ਵਿੱਚ ਕੁੱਝ ਕੁ ਗੀਤ ਅਜਿਹੇ ਹਨ ਜੋ ਹਰ ਥਾਂ ਸੁਨਣ ਨੂੰ ਮਿਲਦੇ ਹਨ
ਰੇਲ ਗੱਡੀ ਦੇ ਸਧਾਰਨ ਡੱਬਿਆਂ ਵਿੱਚ ਸਫਰ ਕਰਨ ਵਾਲੇ ਜਾਣਦੇ ਹਨ ਕਿ ਰਾਜਿਸਥਾਨੀ ਜੋੜੇ ਜਿਹਨਾਂ ਵਿੱਚੋਂ ਔਰਤ ਡੀਟੀਆਂ ਖੜਕਾ ਕੇ ਤਾਲ ਦਿੰਦੀ ਐ ਤੇ ਮਰਦ ਰਾਵਣ ਹੱਥੇ ਤੇ ਗੱਜ ਫੇਰਦਾ ਹੋਇਆ ਅਕਸਰ ਦੋ ਕੁ ਗੀਤ ਗਾਉਂਦੇ ਹਨ। ਜੋ ਉਹਨਾਂ ਦੀ ਉਪਜੀਵਕਤਾ ਦਾ ਸਾਧਨ ਐ
ਇਹਨਾਂ ‘ਚੋਂ ਇਕ ਗੀਤ ਐ ਗੁਰਦਾਸ ਮਾਨ ਦਾ “ਪੀੜ ਤੇਰੇ ਜਾਣ ਦੀ ਕਿੱਦਾਂ ਜਰਾਂਗਾ ਮੈਂ” ਤੇ ਦੂਸਰਾ ਗੀਤ ਕੁਲਦੀਪ ਮਾਣਕ ਦਾ ਗਾਇਆ ਹੁੰਦਾ ਐ , ਜਿਸਦੇ ਬੋਲ ਹਨ
“ਮੇਰੀ ਰੰਗਲੀ ਚਰਖੀ ਅੱਜ ਤੰਦ ਤਰੇੜੇ
ਕਦੇ ਮਾਰ ਰਾਂਝਣਾਂ ਵੇ ਤੂੰ ਰੰਗਪੁਰ ਗੇੜੇ
ਮੇਰੀ ਰੰਗਲੀ ਚਰਖੀ ਦੇ ਮਾਲ੍ਹ ਵੇ ਟੁੱਟੀ
‘ਬੇਦਿਲ ਬੱਡਰੁੱਖਾਂ’ ਮੇਰੀ ਕਿਸਮਤ ਰੁੱਸੀ
ਪਾ ਲਏ ਦੁੱਖਾਂ ‘ਮਾਣਕ’ ਜਿੰਦ ਨੂੰ ਘੇਰੇ
ਕਦੇ ਮਾਰ ਰਾਂਝਣਾਂ ਵੇ ਤੂੰ ਰੰਗਪੁਰ ਗੇੜੇ ”
ਬੇਦਿਲ ਇਸ ਗੀਤ ਦੇ ਗੀਤਕਾਰ ਦਾ ਨਾਮ ਐ। ਬੱਡਰੁੱਖਾਂ ਸੰਗਰੂਰ ਜ਼ਿਲ੍ਹੇ ਵਿੱਚ ਉਹਦਾ ਪਿੰਡ ਐ। ਬੇਦਿਲ ਦਾ ਅਸਲ ਨਾਮ ਬਚਨ ਸਿੰਘ ਐ ‘ਬੇਦਿਲ’ ਤਾਂ ਉਹਦਾ ਤਖੱਲਸ ਐ। ਬੇਦਿਲ ਪੰਜਾਬ ਪੁਲਿਸ ਵਿੱਚ ਬਤੌਰ ਸਹਾਇਕ ਥਾਣੇਦਾਰ ਸੇਵਾ ਨਿਭਾਉਂਦਾ ਸੀ ਪਰ ਬੇਦਿਲ ਵਰਗੇ ਗੀਤਕਾਰ ਤੋਂ ਇਹ ਨੌਕਰੀ ਨਿਭੀ ਨਹੀਂ ਨੌਕਰੀ ਛੱਡ ਜਿੰਦ ਗੀਤਕਾਰੀ ਦੇ ਨਾਮ ਕਰ ਦਿੱਤੀ
ਪਤਾ ਨਹੀਂ ਚੜ੍ਹਦੀ ਉਮਰੇ ਉਹਦੇ ਨਾਲ ਕੀ ਹਾਦਸਾ ਵਾਪਰਿਆ ਜੋ ਉਹ ਆਪਣੇ ਮੂੰਹੋਂ ਨਹੀਂ ਦੱਸਦਾ ਬੱਸ ਉਹਦੇ ਗੀਤ ਉਸ ਹਾਦਸੇ ਦੀਆਂ ਬਾਤਾਂ ਪਾਉਂਦੇ ਨੇ
ਹੁਣ ਓਮੀ ਦੀ ਹੱਟੀ ਤੇ
ਉਹ ਆਉਂਦੀ ਕਿ ਨਾਂ
ਸੂਟ ਗੁਲਾਬੀ ਮੇਰੀ ਪਸੰਦ ਦਾ
ਪਾਉਂਦੀ ਏ ਕਿ ਨਾਂ
ਜੀਹਦੇ ਨਾਲ ਦਾ ਮੇਰੇ ਕੋਲ
ਰੁਮਾਲ ਪ੍ਰੀਤੋ ਦਾ
ਚਿੱਠੀ ਦੇ ਵਿੱਚ ਲਿਖ ਦੀਂ
ਕੀ ਐ ਹਾਲ ਪ੍ਰੀਤੋ ਦਾ
ਬੇਦਿਲ ਮੌਲਿਕ ਗੀਤਕਾਰ ਐ,,,ਜੇ ਮੈਂ ਬੇਦਿਲ ਦੇ ਗੀਤਾਂ ਦਾ ਵਿਸ਼ਲੇਸ਼ਣ ਕਰਾਂ , ਤਾਂ ਮੈਨੂੰ ਕਿਤੇ ਨਜ਼ਰ ਨਹੀਂ ਆਉਂਦਾ ਕਿ ਬੇਦਿਲ ਫਲਾਣੇ ਗੀਤਕਾਰ ਤੋਂ ਪ੍ਰਭਾਵਿਤ ਹੈ,, ਜਾਂ ਉਹ ਫਲਾਣੇ ਵਰਗਾ ਲਿਖਦਾ ਐ, ਬੇਦਿਲ ਆਪਣੀ ਮਿਸਾਲ ਆਪ ਐ ਇਸੇ ਕਰਕੇ ਮੈਂ ਉਸਨੂੰ ਮੌਲਿਕ ਗੀਤਕਾਰ ਆਖਦਾ ਹਾਂ
“ਪਿੰਡ ਅਵਾਜ਼ਾਂ ਮਾਰਦਾ”
ਲੰਮੀ ਕਵਿਤਾ ਦੇ ਰੂਪ ਵਿੱਚ ਉਸਦੀ ਸ਼ਾਹਕਾਰ ਪੁਸਤਕ ਹੈ ਜੋ ਹਰ ਪੰਜਾਬੀ ਪਿਆਰੇ ਦੇ ਘਰ ਵਿੱਚ ਹੋਣੀ ਚਾਹੀਦੀ ਐ
“ਸੰਦਲੀ ਦਰਵਾਜ਼ਾ”
ਉਸਦਾ ਵੱਖਰੀ ਕਿਸਮ ਦਾ ਨਾਵਲ ਐ ਮੈਨੂੰ ਉਮੀਦ ਐ ਕਿ ਕਿਸੇ ਨਾ ਕਿਸੇ ਦਿਨ ਸੰਦਲੀ ਦਰਵਾਜ਼ਾ ਫਿਲਮੀ ਪਰਦੇ ਦਾ ਸ਼ਿੰਗਾਰ ਵੀ ਬਣੇਗਾ
ਅਸ਼ੋਕ ਬਾਂਸਲ ਮਾਨਸਾ