ਮੈਂ ਇੱਕ ਸੰਸਕ੍ਰਿਤ ਕਾਲਜ ਵਿੱਚ ਅਧਿਆਪਕ ਸੀ। ਜਦੋਂ ਮੈਂ ਪਹਿਲੀ ਵਾਰ ਉਥੇ ਗਿਆ, ਸੰਸਕ੍ਰਿਤ ਕਾਲਜ ਹੋਣ ਕਰਕੇ, ਉੱਥੇ ਪੰਡਿਤਾਂ ਦਾ ਰਾਜ ਸੀ। ਮੈਂ ਤਾਂ ਬਿਲਕੁੱਲ ਕਿਸੇ ਗੜਬੜ ਵਾਂਗ ਉੱਥੇ ਪਹੁੰਚ ਗਿਆ। ਕੁੱਝ ਭੁੱਲ-ਚੁੱਕ ਹੋ ਗਈ ਸਰਕਾਰ ਤੋਂ, ਜੋ ਮੇਰਾ ਉੱਥੇ ਤਬਾਦਲਾ ਕਰ ਦਿੱਤਾ। ਜਲਦੀ ਹੀ ਉਹਨਾਂ ਗਲਤੀ ਵਿੱਚ ਸੁਧਾਰ ਕੀਤਾ, ਛੇ ਮਹੀਨਿਆਂ ਵਿੱਚ ਹੀ ਮੈਨੂੰ ਉੱਥੋਂ ਹਟਾ ਦਿੱਤਾ, ਕਿਉਂਕਿ ਉੱਥੇ ਵੱਡੀ ਗੜਬੜ ਸ਼ੁਰੂ ਹੋ ਗਈ ਸੀ। ਉਹ ਸਾਰੇ ਪੰਡਿਤ ਸਨ ਅਤੇ ਉਥੇ ਉਨ੍ਹਾਂ ਨੇ ਬੜੀ ਅਜੀਬ ਹਾਲਤ ਕੀਤੀ ਹੋਈ ਸੀ।
ਮੇਰੇ ਕੋਲ ਰਹਿਣ ਲਈ ਕੋਈ ਥਾਂ ਨਹੀਂ ਸੀ, ਇਸ ਲਈ ਮੈਂ ਹੋਸਟਲ ਵਿੱਚ ਹੀ ਰਿਹਾ। ਕੋਈ ਸੱਤਰ-ਅੱਸੀ ਵਿਦਿਆਰਥੀ ਹੋਸਟਲ ਵਿੱਚ ਸਨ। ਉਹਨਾਂ ਨੂੰ ਰਾਤ ਨੂੰ ਤਿੰਨ ਵਜੇ ਉਠਣਾ ਪੈਂਦਾ ਸੀ, ਜ਼ਰੂਰੀ ਸੀ। ਸੰਸਕ੍ਰਿਤ ਕਾਲਜ, ਕੋਈ ਇਸ ਆਧੁਨਿਕ ਸਦੀ ਦਾ ਨਹੀਂ, ਪੁਰਾਣਾ ਗੁਰੂਕੁਲ, ਤਿੰਨ ਵਜੇ ਰਾਤ ਜਾਗਣਾ, ਠੰਡ ਹੋਵੇ ਜਾਂ ਗਰਮੀ, ਮੀਂਹ ਹੋਵੇ ਜਾਂ ਕੁਝ, ਤਿੰਨ ਵਜੇ ਉੱਠਣਾ ਹੀ ਪੈਂਦਾ ਹੈ। ਫਿਰ ਸਾਰਿਆਂ ਨੂੰ ਖੂਹ ‘ਤੇ ਜਾ ਕੇ ਇਸ਼ਨਾਨ ਕਰਨਾ ਪੈਂਦਾ ਹੈ। ਮੈਂਨੂੰ ਵੀ ਜਾਣਾ ਪਿਆ।
ਜਦੋਂ ਸਾਰਾ ਹੋਸਟਲ ਤਿੰਨ ਵਜੇ ਉੱਠ ਗਿਆ, ਮੈਂ ਵੀ ਉੱਠਿਆ, ਮੈਂ ਵੀ ਗਿਆ ਖੂਹ ‘ਤੇ। ਉਦੋਂ ਲੋਕ ਮੈਨੂੰ ਜਾਣਦੇ ਵੀ ਨਹੀਂ ਸਨ। ਪਹਿਲੇ ਹੀ ਦਿਨ ਆਇਆ ਸੀ, ਇਸ ਲਈ ਕਿਸੇ ਨੇ ਮੇਰੀ ਪਰਵਾਹ ਵੀ ਨਹੀਂ ਕੀਤੀ। ਉਹ ਇਸ਼ਨਾਨ ਕਰ ਰਹੇ ਸਨ ਤੇ ਪ੍ਰਿੰਸੀਪਲ ਤੋਂ ਲੈ ਕੇ ਰੱਬ ਤੱਕ ਨੂੰ ਗਾਲ੍ਹਾਂ ਕੱਢ ਰਹੇ ਸਨ – ਮਾਂ-ਭੈਣ ਦੀਆਂ ਗਾਲ੍ਹਾਂ, ਮੈਂ ਸੁਣਿਆ, ਇਹ ਵੀ ਖੂਬ ਹੋ ਰਿਹਾ ਹੈ, ਇਸ ਗਾਲੀ-ਗਲੋਚ ਤੋਂ ਬਾਅਦ ਫਿਰ ਉਹਨਾਂ ਨੂੰ ਦੁਬਾਰਾ ਪ੍ਰਾਰਥਨਾ ਕਰਨ ਲਈ ਖੜ੍ਹਾ ਹੋਣਾ ਪੈਂਦਾ ਸੀ, ਜਿਵੇਂ ਤਿਵੇਂ ਉਹ ਕਿਸੇ ਤਰ੍ਹਾਂ ਪ੍ਰਾਰਥਨਾ ਕਰਦੇ। ਮੈਂ ਪ੍ਰਿੰਸੀਪਲ ਨੂੰ ਕਿਹਾ ਕਿ ਦੇਖੋ, ਤੁਸੀਂ ਨਰਕ ਵਿੱਚ ਸੜੋਗੇ। ਉਸ ਨੇ ਕਿਹਾ, ਤੁਹਾਡਾ ਕੀ ਮਤਲਬ ਹੈ?
ਮੈਂ ਕਿਹਾ ਕਿ ਇਹ ਮੁੰਡੇ, ਸੱਤਰ-ਅੱਸੀ ਮੁੰਡੇ, ਹਰ ਰੋਜ਼ ਸਵੇਰੇ ਪ੍ਰਿੰਸੀਪਲ ਤੋਂ ਲੈ ਕੇ ਪ੍ਰਮਾਤਮਾਂ ਤੱਕ ਨੂੰ ਗਾਲ੍ਹਾਂ ਕੱਢਦੇ ਹਨ। ਤੁਹਾਨੂੰ ਗਾਲ੍ਹਾਂ ਕੱਢਣ, ਠੀਕ ਹੈ, ਪਰ ਰੱਬ ਨੂੰ ਗਾਲ੍ਹਾਂ ਪੈ ਰਹੀਆਂ ਹਨ, ਤੁਸੀਂ ਇਸਦਾ ਕਾਰਨ ਹੋ।
ਇੰਝ ਇਹ ਸਭ ਹੋਣਾ ਖ਼ਤਰਨਾਕ ਹੈ, ਮੈਂ ਕਿਹਾ।
ਉਸ ਨੇ ਕਿਹਾ, ਨਹੀਂ, ਇਹ ਲਾਜ਼ਮੀ ਨਹੀਂ ਹੈ, ਜਿਵੇਂ ਲੋਕ ਹਮੇਸ਼ਾ ਕਹਿੰਦੇ ਹਨ। ਇਹ ਤਾਂ ਲੋਕ ਆਪਣੀ ਮਰਜ਼ੀ ਨਾਲ, ਆਪਣੀ ਖੁਸ਼ੀ ਨਾਲ ਅਜਿਹਾ ਕਰਦੇ ਹਨ। ਤਾਂ ਮੈਂ ਕਿਹਾ ਫਿਰ ਤੁਸੀਂ ਇਹ ਮਸਲਾ ਮੇਰੇ ਹੱਥ ਵਿੱਚ ਦੇ ਦਿਓ। ਮੈਂ ਇੱਕ ਨੋਟਿਸ ਲਗਾ ਦਿੰਦਾ ਹਾਂ ਅਤੇ ਕੱਲ ਸਵੇਰੇ ਤਿੰਨ ਵਜੇ ਤੁਸੀਂ ਵੀ ਖੂਹ ‘ਤੇ ਹਾਜ਼ਰ ਹੋਵੋ ਅਤੇ ਮੈਂ ਵੀ ਹੋਵਾਂਗਾ।
ਮੈਂ ਨੋਟਿਸ ਲਗਾ ਦਿੱਤਾ ਕਿ ‘ਜਿਸ ਨੇ ਤਿੰਨ ਵਜੇ ਇਸ਼ਨਾਨ ਕਰਨਾ ਹੋਵੇ ਉਹ ਹੀ ਉੱਠੋ ਤੇ ਜਿਹੜਾ ਪ੍ਰਾਰਥਨਾ ਵਿਚ ਹਿੱਸਾ ਲੈਣਾ ਚਾਹੁੰਦਾ ਹੋਵੇ ਉਹ ਹੀ ਉੱਠੇ, ਤੁਹਾਡੀ ਮਰਜ਼ੀ ‘ਤੇ ਨਿਰਭਰ ਹੈ। ਅੱਜ ਤੋਂ ਕੁਝ ਲਾਜ਼ਮੀ ਨਹੀਂ ਹੈ।’
ਖੂਹ ‘ਤੇ ਮੇਰੇ ਅਤੇ ਪ੍ਰਿੰਸੀਪਲ ਤੋਂ ਇਲਾਵਾ ਕੋਈ ਨਹੀਂ ਸੀ। ਮੈਂ ਪੁਛਿਆ, ਕਹੋ ਜਨਾਬ, ਹੁਣ ਜੇ ਹਿੰਮਤ ਹੈ ਤਾਂ ਖੂਹ ਵਿੱਚ ਡੁੱਬ ਮਰੋ।
ਉਨ੍ਹਾਂ ਨੇ ਛੇ ਮਹੀਨਿਆਂ ਦੇ ਅੰਦਰ-ਅੰਦਰ ਹੀ ਮੈਨੂੰ ਕਹਿ ਦਿੱਤਾ ਕਿ ਨਹੀਂ, ਤੁਸੀਂ ਇੱਥੋਂ ਚਲੇ ਜਾਓ, ਤੁਸੀਂ ਇਹ ਸਭ ਗੜਬੜ ਕਰ ਦਿੱਤਾ ਹੈ, ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਸੀ।
ਤੁਸੀਂ ਇਸ ਨੂੰ ਠੀਕ ਚੱਲਣਾ ਕਹਿੰਦੇ ਹੋ? ਪ੍ਰਾਰਥਨਾ, ਕੀ ਲਾਜ਼ਮੀ ਹੋ ਸਕਦੀ ਹੈ? ਪਿਆਰ ਕੀ ਲਾਜ਼ਮੀ ਹੋ ਸਕਦਾ ਹੈ? ਪੂਜਾ, ਕੀ ਲਾਜ਼ਮੀ ਹੋ ਸਕਦੀ ਹੈ? ਸਖਤੀ ਨਾਲ ਲਾਗੂ ਹੋ ਸਕਦਾ ਹੈ? ਲਾਜ਼ਮੀ ਤੌਰ ‘ਤੇ ਚੀਜ਼ਾਂ ਤਾਂ ਜੇਲ ਵਿਚ ਹੀ ਲਾਗੂ ਹੁੰਦੀਆਂ ਹਨ। ਜ਼ਿੰਦਗੀ ਵਿਚ ਕੁਝ ਵੀ ਲਾਜ਼ਮੀ ਨਹੀਂ ਹੈ। ਭੁੱਲ ਕੇ ਵੀ ਕਿਸੇ ਚੀਜ਼ ਨੂੰ ਲਾਜ਼ਮੀ ਨਾ ਬਣਾਓਣਾ, ਨਹੀਂ ਤਾਂ ਉਸੇ ਸਮੇਂ ਉਸ ਚੀਜ਼ ਦੀ ਕੀਮਤ ਖਤਮ ਹੋ ਜਾਵੇਗੀ।
‘ਜ਼ਿੰਦਗੀ ਬਹੁਤ ਨਾਜ਼ੁਕ ਹੈ, ਫੁੱਲ ਵਾਂਗ ਨਾਜ਼ੁਕ, ਇਸ ‘ਤੇ ਸਖਤੀ ਦੇ ਪੱਥਰ ਨਾ ਰੱਖ ਦੇਣਾ, ਨਹੀਂ ਤਾਂ ਫੁੱਲ ਮਰ ਜਾਵੇਗਾ। ਕਈ ਲੋਕ ਮੇਰੇ ਕੋਲ ਆ ਕੇ ਪੁੱਛਦੇ ਹਨ, ਆਸ਼ਰਮ ਦੇ ਲੋਕ, ਉਹ ਮੈਨੂੰ ਆਕੇ ਪੁੱਛਦੇ ਹਨ ਕਿ ਕੀ ਅਸੀਂ ਸਵੇਰੇ ਤੁਹਾਨੂੰ ਲਾਜ਼ਮੀ ਤੌਰ ‘ਤੇ ਸੁਣਨ ਲਈ ਆਈਏ? ਮੈਂ ਕਹਿੰਦਾ ਹਾਂ, ਭੁੱਲ ਕੇ ਵੀ ਨਾ ਆਇਓ। ਲਾਜ਼ਮੀ, ਅਤੇ ਉਹ ਵੀ ਮੈਨੂੰ ਸੁਣਨ? ਤੁਸੀਂ ਮੈਨੂੰ ਗਾਲ੍ਹਾਂ ਕੱਢਣ ਲੱਗੋਗੇ। ਜੇ ਤੁਸੀਂ ਆਉਣਾ ਹੈ ਤਾਂ ਆ ਜਾਇਓ, ਜੇ ਨਹੀਂ ਆਉਣਾ ਤਾਂ ਨਾ ਆਇਓ।
— ਓਸ਼ੋ / ਅਸ਼ਟਾਵਕਰ : ਮਹਾਗੀਤਾ (ਭਾਗ ਦੂਜਾ) ਪ੍ਰਵਚਨ 24ਵਾਂ