25 ਜਨਵਰੀ (ਗਗਨਦੀਪ ਸਿੰਘ) ਬਰਨਾਲਾ: ਡਾ.ਬਲਵੀਰ ਸਿੰਘ ਸਿਹਤ ਮੰਤਰੀ ਪੰਜਾਬ ਸਰਕਾਰ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀਮਤਰੀ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਬਰਨਾਲਾ ‘ਚ ਲੋਕਾਂ ਨੂੰ ਸਿਹਤ ਸਹੂਲਤਾਂ ਦਾ ਮਿਆਰ ਵਧਾਉਣ ਅਤੇ ਸਿਹਤ ਸਹੂਲਤਾਂ ਹਰ ਇੱਕ ਦੀ ਪਹੁੰਚ ਵਿੱਚ ਲਿਆਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਹਰ ਇੱਕ ਲੋੜਵੰਦ ਸਮੇਂ ਸਿਰ ਸਿਹਤ ਸਹੂਲਤਾਂ ਦਾ ਲਾਭ ਲੈ ਸਕੇ।
ਸਿਵਲ ਸਰਜਨ ਬਰਨਾਲਾ ਡਾ.ਹਰਿੰਦਰ ਸ਼ਰਮਾਂ ਡਾ. ਸ਼ਰਮਾਂ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਯੂਸ਼ਮਾਨ ਭਾਰਤ – ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਸਿਵਲ ਹਸਪਤਾਲ ਬਰਨਾਲਾ ਨੇ ਅਗਸਤ 2023 ਤੋਂ ਦਸੰਬਰ 2023 ਤੱਕ 2443 ਮਰੀਜਾਂ ਦਾ 3 ਕਰੋੜ 40 ਲੱਖ ਰੁਪਏ ਦਾ ਸਕੀਮ ਤਹਿਤ ਬਿਲਕੁਲ ਮੁਫ਼ਤ ਇਲਾਜ ਕੀਤਾ ਹੈ ਜੋ ਕਿ ਪੰਜਾਬ ਦੇ ਜ਼ਿਲ੍ਹਾ ਹਸਪਤਾਲਾਂ ਵਿੱਚੋਂ ਉਕਤ ਸਮੇਂ ਦੌਰਾਨ ਤੀਜੇ ਨੰਬਰ ‘ਤੇ ਰਿਹਾ। ਸਬ ਡਵਿਜਨਲ ਹਸਪਤਾਲ ਤਪਾ ਦੁਆਰਾ ਉਕਤ ਸਮੇਂ ਦੌਰਾਨ 1120 ਮਰੀਜਾਂ ਦਾ ਤਕਰੀਬਨ 3 ਕਰੋੜ ਰੁਪਏ ਦਾ ਬਿਲਕੁਲ ਮੁਫਤ ਇਲਾਜ ਕੀਤਾ ਗਿਆ, ਜੋ ਕਿ ਪੰਜਾਬ ਦੇ ਸਮੂਹ ਸਬ ਡਵਿਜਨਲ ਹਸਪਤਾਲਾਂ ਵਿੱਚੋਂ ਪਹਿਲੇ ਨੰਬਰ ‘ਤੇ ਰਿਹਾ। ਜਦੋਂ ਕਿ ਸੀ.ਐਚ.ਸੀ. ਹਸਪਤਾਲ ਧਨੌਲਾ ਦੁਆਰਾ 554 ਮਰੀਜਾਂ ਦਾ 28 ਲੱਖ ਰੁਪਏ ਦਾ ਮੁਫ਼ਤ ਇਲਾਜ ਕੀਤਾ ਗਿਆ, ਜੋ ਕਿ ਪੰਜਾਬ ਭਰ ਦੇ ਸੀ.ਐਚ.ਸੀH ਹਸਪਤਾਲਾਂ ਵਿੱਚੋਂ ਦੂਜੇ ਨੰਬਰ ‘ਤੇ ਰਿਹਾ।
ਡਾ਼ ਗੁਰਮਿੰਦਰ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਨੋਡਲ ਅਫ਼ਸਰ ਬਰਨਾਲਾ ਨੇ ਦੱਸਿਆ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹਰ ਇੱਕ ਯੋਗ ਪਰਿਵਾਰ 5 ਲੱਖ ਰੁਪਏ ਤੱਕ ਦਾ ਪ੍ਰਤੀ ਸਾਲ ਮੁਫ਼ਤ ਇਲਾਜ ਕਰਵਾ ਸਕਦਾ ਹੈ। ਸਿਹਤ ਵਿਭਾਗ ਦੁਆਰਾ ਇਸ ਸਕੀਮ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ ਤਾਂ ਜੋ ਸਕੀਮ ਦੇ ਕਾਰਡ ਬਣਵਾਉਣ ਤੋਂ ਵਾਂਝੇ ਰਹਿੰਦੇ ਪਰਿਵਾਰਾਂ ਵੱਲੋਂ ਕਾਰਡ ਜਲਦ ਤੋਂ ਜਲਦ ਬਣਵਾਏ ਜਾਣ, ਅਤੇ ਇਸ ਸਿਹਤ ਸਹੂਲਤ ਦਾ ਫਾਇਦਾ ਵੱਧ ਤੋਂ ਵੱਧ ਲਿਆ ਜਾਵੇ।
ਸਨਦੀਪ ਸਿੰਘ ਜ਼ਿਲ੍ਹਾ ਕੋਆਰਡੀਨੇਟਰ ਨੇ ਦੱਸਿਆ ਕਿ ਸਕੀਮ ਸਬੰਧੀ ਕਾਰਡ ਬਣਾਉਣ ਲਈ ਆਧਾਰ ਕਾਰਡ, ਰਾਸ਼ਨ ਕਾਰਡ ਜਾਂ ਲਾਭਪਾਤਰੀ ਕਾਰਡ ਆਦਿ ਲੈ ਕੇ ਨੇੜੇ ਦੇ ਸੂਚੀਬੱਧ ਹਸਪਤਾਲਾਂ ਤੋਂ, ਕਾਮਨ ਸਰਵਿਸ ਸੈਂਟਰਾਂ ਤੋਂ ਬਣਵਾਇਆ ਜਾ ਸਕਦਾ ਹੈ, ਜਾਂ ਫਿਰ ਕੋਈ ਵੀ ਲਾਭਪਾਤਰੀ ਆਪਣਾ ਈ ਕਾਰਡ ਬਣਾਉਣ ਲਈ ਖੁਦ Ayushman Bharat PMJAY APP ਨੂੰ ਡਾਊਨਲੋਡ ਕਰਕੇ (Self Registration) ਖੁਦ ਵੀ ਬਣਾ ਸਕਦਾ ਹੈ।