ਅਜੋਕੇ ਸਮੇਂ ਦੇ ਅਧਿਆਪਨ ਅਤੇ ਪੁਰਾਤਨ ਅਧਿਆਪਨ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਆਇਆ ਹੈ ।ਅੱਜ ਦੇ ਅਧਿਆਪਕ ਦਾ ਰੋਲ ਬਹੁ ਪੱਖੀ ਹੋ ਗਿਆ ਹੈ । ਇੱਕੋ ਸਮੇਂ ਉਸ ਨੂੰ ਵਿਭਾਗ, ਸਕੂਲੀ ਅਧਿਆਪਕ ਸਾਥੀਆਂ, ਬੱਚਿਆਂ, ਉਨਾਂ ਦੇ ਮਾਪਿਆਂ ਅਤੇ ਨਿੱਜੀ ਜੀਵਨ ਵਿੱਚ ਤਵਾਜਨ ਰੱਖਣਾ ਪੈ ਰਿਹਾ ਹੈ। ਇਹੋ ਕਾਰਨ ਹੈ ਕਿ ਉਸਦਾ ਮਨ ਅਸ਼ਾਂਤ ਹੈ । ਕਿਉਂਕਿ ਉਸ ਉੱਪਰ ਕੰਮ ਦਾ ਅਤਿ ਬੋਝ ਹੈ । ਇਹ ਕਾਰਨ ਕਰਕੇ ਉਸ ਦਾ ਸੁਭਾਅ ਚਿੜਚਿੜਾ ਹੋ ਰਿਹਾ ਹੈ ।ਜਿਸ ਕਰਕੇ ਬੱਚਿਆਂ ਨੂੰ ਮਾਰਨ-ਝਿੜਕਣ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ ।
ਜੇਕਰ ਅਧਿਆਪਕ ਆਪਣੇ ਪੇਸ਼ੇ ਨਾਲ ਨਿਆਂ ਨਹੀਂ ਕਰ ਸਕੇਗਾ ਤਾਂ ਸਮਾਜ ਦਾ ਵੱਡਾ ਹਿੱਸਾ ਮਾਨਸਿਕ-ਨੈਤਿਕ ਅਤੇ ਸਮਾਜਿਕ ਕਦਰਾਂ ਕੀਮਤਾਂ ਤੋਂ ਵਿਹੂਣਾ ਰਹਿ ਜਾਵੇਗਾ । ਸੋ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣੇ ਇਸ ਬੋਝ, ਥਕਾਣ, ਅਕਾਓ ਨੂੰ ਘਟਾਉਣ ਲਈ ਆਪਣੀ ਜੀਵਨ ਜਾਂਚ ਵਿੱਚ ਕੁਝ ਤਬਦੀਲੀਆਂ ਲੈ ਕੇ ਆਵੇ । ਉਸਨੂੰ ਆਪਣੇ ਸਰੀਰਕ, ਮਾਨਸਿਕ, ਸਮਾਜਿਕ, ਕੰਮਕਾਜੀ ਅਤੇ ਅਧਿਆਤਮਕ ਜੀਵਨ ਵਿੱਚ ਕੁਝ ਬਦਲਾਓ ਕਰਨੇ ਲਾਜ਼ਮੀ ਹਨ । ਇਹ ਬਦਲਾਓ ਸਮੇਂ ਦੀ ਲੋੜ ਹੈ ।
ਸੋ ਤਣਾਓ ਭਰੀ ਜ਼ਿੰਦਗੀ ਤੋਂ ਰਾਹਤ ਲੈਣ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਸਵੇਰੇ 20-25 ਮਿੰਟ ਆਪਣੇ ਨਿੱਤ ਕਰਮ ਤੋਂ ਵਿਹਲਾ ਹੋ ਕੇ ਸਰੀਰਕ ਕਸਰਤਾਂ ਜਿਵੇਂ ਯੋਗਾ,ਸਵੇਰ ਜਾਂ ਸਾਮ ਦੀ ਸੈਰ ਜ਼ਰੂਰ ਕਰੇ। ਇਸ ਨਾਲ਼ ਦਿਲ ਦਿਮਾਗ ਤਾਜ਼ਾ ਰਹਿੰਦਾ ਹੈ । ਇਸ ਤੋਂ ਇਲਾਵਾ ਮੈਡੀਟੇਸਸਨ ਵੱਲ ਵੀ ਲਾਉਣਾ ਚਾਹੀਦਾ ਹੈ । ਉਸਨੂੰ ਆਪਣੇ ਰੋਜ਼ਾਨਾ ਦੇ ਕੰਮਕਾਜ ਦੀ ਸਹੀ ਸਮਾਂ-ਵੰਡ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ । ਕੰਮਾਂ ਨੂੰ ਤਰਤੀਬ ਬੱਧ ਕਰਨਾ ਜ਼ਰੂਰੀ ਹੈ। ਔਰਤ ਅਧਿਆਪਕਾਂ ਨੂੰ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਨਿਸ਼ਚਿਤ ਲੜੀ ਵਿਚ ਪ੍ਰੋਣ ਦੀ ਆਦਤ ਸਿੱਖਣੀ ਪਵੇਗੀ ਕਿ ਕਿਹੜਾ ਕੰਮ ਪਹਿਲਾਂ ਤੇ ਕਿਹੜਾ ਕੰਮ ਬਾਅਦ ਵਿੱਚ ਕੀਤਾ ਜਾ ਸਕਦਾ ਹੈ ਕਿਉਂਕਿ ਉਹਨਾਂ ਦੀ ਜ਼ਿੰਦਗੀ ਆਦਮੀ ਨਾਲੋਂ ਵਧੇਰੇ ਝੰਜਟਾਂ ਵਿਚ ਫਸੀ ਹੋਈ ਹੈ ।
ਹਰ ਇੱਕ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਅਗਲੇ ਦਿਨ ਦੇ ਕੰਮਾਂ ਦੀ ਤਰਜੀਹੀ ਲਿਸਟ ਬਣਾਵੇ। ਤਨਾਓ ਰਹਿਤ ਰਹਿਣ ਲਈ ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਕੰਮ ਅਤੇ ਘਰੇਲੂ ਮੁਸ਼ਕਲਾਂ ਨੂੰ ਆਪਣੇ ਸਾਥੀਆਂ, ਪੁਰਾਣੇ ਅਧਿਆਪਕਾਂ ਅਤੇ ਅਨੁਭਵੀ ਬਜ਼ੁਰਗਾਂ ਨਾਲ ਸਾਂਝੀ ਕਰੇ ਤੇ ਉਹਨਾਂ ਦਾ ਹੱਲ ਲੱਭਣ ਦੀ ਕੋਸ਼ਿਸ਼ ਕਰੇ । ਸਕੂਲ ਦੀ ਅੱਧੀ ਛੁੱਟੀ ਦੇ ਸਮੇਂ ਵਿੱਚ ਸਾਰੇ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਉਹ ਸਕੂਲ ਅਤੇ ਘਰ ਦੀਆਂ ਮੁਸ਼ਕਿਲਾਂ ਦੀ ਥਾਂ ਹਾਸਾ-ਠੱਠਾ ਕਰਨ, ਕੋਈ ਚੁਟਕਲਾ ਸੁਣਾਉਣ ਜਾਂ ਮਖੌਲੀਆ ਅਨੁਭਵ ਸਾਂਝਾ ਕਰਨ। ਹਰ ਅਧਿਆਪਕ ਨੂੰ ਚਾਹੀਦਾ ਹੈ ਕਿ ਆਪਣੀ ਕਲਾਸ ਵਿੱਚ ਇੱਕ ਸ਼ੀਸ਼ਾ ਜਰੂਰ ਲਗਾਵੇ ਜਿਸ ਉੱਪਰ ਹੱਸਦੇ ਹੋਏ ਇਮੋਜੀ ਲੱਗੇ ਹੋਣ ਤਾਂ ਜੋ ਹਰ ਵਾਰ ਜਦੋਂ ਵੀ ਉਹ ਸ਼ੀਸ਼ਾ ਵੇਖੇ ਤਾਂ ਹੱਸਦੇ ਹੋਏ ਇਮੋਜੀ ਉਸਦੇ ਚਿਹਰੇ ਤੇ ਵੀ ਮੁਸਕਾਨ ਲੈ ਆਉਣ । ਕੰਮ ਅਤੇ ਨਿੱਜੀ ਜ਼ਿੰਦਗੀ ਵਿੱਚ ਇੱਕ ਸਮਤੋਲ ਬਣਾਉਣ ਦੀ ਭਰਪੂਰ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਹ ਵੀ ਖ਼ਿਆਲ ਰੱਖਣ ਦੀ ਲੋੜ ਹੈ ਕਿ ਸਕੂਲ ਦੇ ਕੰਮ ਨੂੰ ਘਰ ਲਿਆਉਣ ਅਤੇ ਘਰ ਦੇ ਕੰਮ ਨੂੰ ਸਕੂਲ ਲਿਜਾਣ ਤੋਂ ਬਚਣਾ ਚਾਹੀਦਾ ਹੈ। ਹਰ ਇਕ ਅਧਿਆਪਕ ਨੂੰ ਆਪਣੀਆਂ ਸੀਮਾਵਾਂ ਦਾ ਪਤਾ ਹੋਣਾ ਚਾਹੀਦਾ ਹੈ ਭਾਵ ਕਿ ਉਸਨੂੰ ਇਹ ਗਿਆਨ ਹੋਣਾ ਜ਼ਰੂਰੀ ਹੈ ਕਿ ਇਹ ਕੰਮ ਉਸਦੇ ਕਰਨ ਦੇ ਲਾਇਕ ਹੈ ਜਾਂ ਨਹੀਂ
ਕਿਉਂਕਿ ਜੇਕਰ ਕੰਮ ਉਸਦੀ ਸਮਰੱਥਾ ਤੋਂ ਬਾਅਦ ਹੈ ਅਤੇ ਉਸਨੇ ਉਸਨੂੰ ਕਰਨ ਲਈ ਹਾਂ ਕੀਤੀ ਤਾਂ ਉਸਦੇ ਲਈ ਤਣਾਅ ਅਤੇ ਘਬਰਾਹਟ ਹੋਣਾ ਲਾਜ਼ਮੀ ਹੈ। ਸਕੂਲ ਸਟਾਫ ਨੂੰ ਚਾਹੀਦਾ ਹੈ ਕਿ ਉਹ ਮਿਲ ਕੇ ਸਾਲ ਦੇ ਮਹੱਤਵਪੂਰਨ ਦਿਨ, ਤਿਉਹਾਰ, ਬਾਲ ਸਭਾ ਨੂੰ ਪੂਰੇ ਚਾਅ ਨਾਲ ਮਨਾਉਣ ਤੇ ਮਾਨਣ ਅਤੇ ਬੱਚਿਆਂ ਦੀਆਂ ਸੁਹਜਾਤਮਕ ਰੁਚੀਆਂ ਨੂੰ ਬਿਹਤਰ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ । ਅਜਿਹਾ ਕਰਦੇ ਸਮੇਂ ਉਹਨਾਂ ਦਾ ਆਪਣਾ ਮਨੋਰੰਜਨ ਵੀ ਹੋ ਜਾਵੇਗਾ। ਅਧਿਆਪਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਨਿੱਜੀ ਜ਼ਿੰਦਗੀ ਵਿੱਚ ਮਿਲਦੇ ਆਰਾਮ ਦੇ ਪਲਾਂ ਨੂੰ ਜ਼ਿੰਦਾਦਿਲੀ ਨਾਲ ਮਾਣੇ ਤੇ ਪਰਿਵਾਰ ਨਾਲ ਬੈਠ ਕੇ ਨਾਟਕ, ਫਿਲਮ, ਸੰਗੀਤ ਆਦਿ ਦਾ ਆਨੰਦ ਲਵੇ। ਇੱਕ ਅਧਿਆਪਕ ਲਈ ਸਭ ਤੋਂ ਵੱਧ ਮਹੱਤਵਪੂਰਨ ਇਹ ਹੈ ਕਿ ਉਸ ਕੋਲ ਰਸਾਲੇ, ਅਖਬਾਰ, ਕਿਤਾਬਾਂ ਆਦਿ ਪੜਨ ਦਾ ਸ਼ੌਕ ਲਾਜ਼ਮੀ ਤੌਰ ਤੇ ਹੋਣਾ ਚਾਹੀਦਾ ਹੈ। ਇਸ ਨਾਲ ਉਸਦਾ ਦਿਮਾਗ ਨਵੇਂ ਵਿਚਾਰਾਂ ਦੀ ਖੁਰਾਕ ਲੈਂਦਾ ਰਹੇਗਾ । ਔਰਤ ਅਧਿਆਪਕਾਂ ਨੂੰ ਚਾਹੀਦਾ ਹੈ ਕਿ ਕੁਝ ਵਿਹਲ ਕੱਢਣ ਲਈ ਉਹ ਆਪਣੇ ਘਰੇਲੂ ਕੰਮ ਕਾਜ ਵਿੱਚ ਯਥਾ ਸੰਭਵ ਟੈਕਨੋਲਜੀ ਜਿਵੇਂ ਆਟੋਮੈਟਿਕ ਵਾਸ਼ਿੰਗ ਮਸ਼ੀਨ, ਮਿਕਸੀ ਵੈਕਿਊਮ ਕਲੀਨਰ, ਸਕੂਲੀ ਬੱਚਿਆਂ ਦੇ ਅਸਾਈਨਮੈਂਟ ਬਣਾਉਣ ਲਈ ਕੰਪਿਊਟਰ ਆਦਿ ਦਾ ਪ੍ਰਯੋਗ ਕਰਨ ਦੀ ਆਦਤ ਬਣਾਉਣ । ਸਕੂਲ ਪ੍ਰਬੰਧਕਾਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਦੇ ਮਾਪਿਆਂ ਨੂੰ ਇਹ ਸਮਝਾਉਣ ਕਿ ਉਹ ਅਧਿਆਪਕ ਦੀ ਨਿਜੀ ਜ਼ਿੰਦਗੀ ਵਿੱਚ ਬੇਲੋੜਾ ਦਖਲ ਨਾ ਦਿੰਦੇ ਹੋਏ ਸਕੂਲ ਸਮੇਂ ਤੋਂ ਬਾਅਦ ਅਧਿਆਪਕ ਨੂੰ ਫੋਨ ਨਾ ਕਰਨ ਅਤੇ ਬਹੁਤ ਹੀ ਖ਼ਾਸ ਹਾਲਤਾਂ ਤੋਂ ਬਿਨਾਂ ਅਧਿਆਪਕ ਦੇ ਘਰ ਨਾ ਜਾਣ । ਇਸ ਦੇ ਨਾਲ ਹੀ ਸਿੱਖਿਆ ਵਿਭਾਗ ਤੇ ਉੱਚ ਅਧਿਕਾਰੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਇਹਨਾਂ ਅਧਿਆਪਕ ਸਾਥੀਆਂ ਦੇ ਉੱਪਰ ਪੈ ਰਹੇ ਬੇਲੋੜੇ ਦਬਾਅ ਦੇ ਕਾਰਨਾਂ ਦੀ ਜਾਣਕਾਰੀ ਇਕੱਠੀ ਕਰਨ । ਦਫਤਰਾਂ ਵਿੱਚ ਮੌਜੂਦ ਰਿਕਾਰਡ ਅਤੇ ਕੰਪਿਊਟਰਾਂ ਵਿੱਚ ਦਰਜ ਜਾਣਕਾਰੀ ਨੂੰ ਕੇਵਲ ਦੁਬਾਰਾ ਦੇਖਣ ਦੀ ਜਹਿਮਤ ਤੋਂ ਬਚਣ ਲਈ ਇੱਕ ਆਮ ਪਰੰਪਰਾ ਵਾਂਗੂ ਵਾਰੀ-ਵਾਰੀ ਅਧਿਆਪਕ ਤੋਂ ਹੀ ਮੰਗਣੀ ਗੈਰ ਵਾਜਿਬ ਜਾਪਦੀ ਹੈ । ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਬੱਚਿਆਂ ਦੇ ਮਨੋਰੰਜਕ ਟੂਰ ਲਗਾਏ ਜਾਂਦੇ ਹਨ ਉਸੇ ਤਰ੍ਹਾਂ ਸਮਾਂ ਬੱਧ ਤਰੀਕੇ ਨਾਲ ਛੁੱਟੀ ਵਾਲੇ ਦਿਨਾਂ ਵਿੱਚ ਅਧਿਆਪਕਾਂ ਲਈ ਵੀ ਅਜਿਹੇ ਮਨੋਰੰਜਕ ਟੂਰਾਂ ਦਾ ਪ੍ਰਬੰਧ ਕੀਤਾ ਜਾਵੇ ।ਜ਼ਿਲਾ ਪੱਧਰ ਜਾਂ ਬਲਾਕ ਪੱਧਰ ਉੱਪਰ ਯੋਗ ਸੈਸ਼ਨ ਅਤੇ ਪ੍ਰੇਰਨਾਦਾਇਕ ਭਾਸ਼ਣ ਕਰਤਾਵਾਂ ਦੇ ਸੈਸ਼ਨ ਆਯੋਜਿਤ ਕਰਵਾਏ ਜਾਣ ਜਿਸ ਨਾਲ ਅਧਿਆਪਕ ਨਵੇਂ ਵਿਚਾਰ ਲੈ ਕੇ ਦੁਬਾਰਾ ਤੋਂ ਉਤਸਾਹਿਤ ਹੋ ਕੇ ਆਪਣੇ ਕੰਮ ਨੂੰ ਵਧੀਆ ਢੰਗ ਨਾਲ ਕਰ ਸਕੇ ਅਤੇ ਬੱਚਿਆਂ ਨਾਲ ਨਿਆਂ ਕਰ ਸਕੇ । ਇਸ ਤਰ੍ਹਾਂ ਅਧਿਆਪਕ ਆਪਣੇ ਉੱਪਰ ਪੈ ਰਹੇ ਦਬਾਅ ਰੋਜ਼ਾਨਾ ਜੀਵਨ ਦੇ ਕੰਮ ਕਾਜ ਨਾਲ ਸੰਬੰਧਿਤ ਬੋਝ ਅਤੇ ਅਕਾਊਪਨ ਨੂੰ ਦੂਰ ਕਰਨ ਲਈ ਆਪ, ਸਮਾਜ, ਸਕੂਲ ਪ੍ਰਬੰਧਨ ਅਤੇ ਵਿਭਾਗ ਦੇ ਉੱਚ ਅਧਿਕਾਰੀ ਰਲ ਕੇ ਕੰਮ ਕਰ ਸਕਦੇ ਹਨ ।
ਨਿਤਿਨ ਸੋਢੀ
ਸਟੇਟ ਅਵਾਰਡੀ
9915307155
ਆਧੁਨਿਕ ਅਧਿਆਪਕ- ਮਾਨਸਿਕ ਤਣਾਓ ਅਤੇ ਉਸਦੇ ਹੱਲ/-ਨਿਤਿਨ ਸੋਢੀ
Leave a comment