ਅੱਧੀ ਰਾਤ ਹੋ ਗਈ ਹੈ ਅਤੇ ਪਾਰਕ ਵਿੱਚ ਬੈਠਾ ਪੈੱਗ ਲਗਾ ਰਿਹਾ ਹਾਂ। ਪਾਰਕ ਵਿੱਚ ਮੈਂ ਇਕੱਲ੍ਹਾ ਹੀ ਬੈਠਾ ਹਾਂ। ਵੀਕੈਂਡ ‘ਤੇ ਗੋਰੇ ਅਤੇ ਗੋਰੀਆਂ ਸਭ ਬਾਰ ਵਿੱਚ ਜਾ ਕੇ ਉੱਚੀ ਵੱਜਦੇ ਸੰਗੀਤ ਉੱਤੇ ਝੂਮਦੇ ਹੋਏ ਰਾਤ ਕੱਢਦੇ ਹਨ ਅਤੇ ਮੈਂ ਪਾਰਕ ਦੇ ਏਕਾਂਤ ਵਿੱਚ ਆਪੇ ਨਾਲ਼ ਇੱਕਮਿਕ ਹੋਣਾ ਪਸੰਦ ਕਰਦਾ ਹਾਂ।
ਇੱਕ ਗੋਰਾ ਪਾਰਕ ਵਿੱਚੋਂ ਹੋ ਕੇ ਗੁਜ਼ਰਿਆ ਅਤੇ ਉਸ ਨੇ ਪੁੱਛ ਲਿਆ ਕਿ ਇਕੱਲ੍ਹਾ ਬੈਠਾ ਏਂ ਸਭ ਠੀਕ ਤੇ ਹੈ। ਇਹ ਗੋਰਾ ਸੱਚਮੁੱਚ ਦਾ ਗੋਰਾ ਸੀ। ਮੈਂ ਆਖਿਆ ਕਿ ਮੈਨੂੰ ਰੋਲ਼ੇ-ਰੱਪੇ ਵਾਲ਼ੀਆਂ ਥਾਵਾਂ ਪਸੰਦ ਨਹੀਂ ਹਨ। ਉਹ ਬਾਰ ਵਿੱਚ ਜਾ ਰਿਹਾ ਸੀ ਅਤੇ ਮੈਨੂੰ ਬਾਰ ਵਿੱਚ ਆਉਣ ਦੀ ਸੁਲ੍ਹਾ ਮਾਰੀ ਅਤੇ ਮੈਂ ਇਨਕਾਰ ਕਰ ਦਿੱਤਾ।
ਉਸ ਨੇ ਪੁੱਛਿਆ ਕਿ ਤੂੰ ਕਿਹੜੇ ਦੇਸ਼ ਤੋਂ ਹੈਂ। ਮੈਂ ਦੱਸਿਆ ਕਿ ਮੈਂ ਇੰਡੀਆ ਤੋਂ ਹਾਂ। ਉਸ ਨੇ ਦਿੱਲੀ ਆਖਿਆ ਤੇ ਮੈਂ ਦਿੱਲੀ ਤੋਂ ਢਾਈ ਤਿੰਨ ਸੌ ਕਿਲੋਮੀਟਰ ਦੀ ਵਿੱਥ ਹੀ ਦੱਸੀ।
ਉਹ ਕਦੇ ਭਾਰਤ ਨਹੀਂ ਗਿਆ। ਭਾਰਤ ਨਹੀਂ ਗਿਆ। ਗਿਆ ਸ਼ਬਦ ਵੀ ਧੂਹ ਕੇ ਲਿਖਣਾ ਪੈਂਦਾ ਹੈਂ, ਇਹ ਲਿਖਦਿਆਂ ਕਾਲਜੇ ਵਿੱਚ ਖੋਹ ਜਿਹੀ ਪੈਂਦੀ ਹੈ, ਲਿਖਣਾ ਤਾਂ ਇਹ ਚਾਹੁੰਦਾ ਹਾਂ ਕਿ ਉਹ ਕਦੇ ਭਾਰਤ ਨਹੀਂ ਆਇਆ। ਪਰ ਹੁਣ ਸ਼ਾਇਦ ਕਦੇ ਵੀ “ਆਇਆ” ਨਾ ਲਿਖਿਆ ਜਾ ਸਕੇ।
ਖ਼ੈਰ! ਮੈਨੂੰ ਏਥੇ ਜਿੰਨੇ ਵੀ ਗੋਰੇ ਮਿਲ਼ੇ ਹਨ, ਬਹੁਤੇ ਭਾਰਤ ਨਹੀਂ ਗਏ ਅਤੇ ਜਿਹੜੇ ਗਏ ਵੀ ਹਨ, ਉਹ ਦਿੱਲੀ, ਵਾਰਾਣਸੀ, ਗੋਆ ਤੋਂ ਇਲਾਵਾ ਭਾਰਤ ਬਾਰੇ ਬਹੁਤਾ ਕੁੱਝ ਨਹੀਂ ਜਾਣਦੇ।
ਮੈਂ ਸੋਚਦਾ ਹਾਂ ਕਿ ਪੰਜਾਬ ਵਿੱਚ ਗੁਰਦੁਆਰਿਆਂ ਤੋਂ ਇਲਾਵਾ ਹੋਰ ਹੈ ਈ ਕੀ ਏ ਜਿਸਦੀ ਦੱਸ ਪਾਈ ਜਾਵੇ। ਸਿੰਧੂ ਘਾਟੀ ਦੀ ਸੱਭਿਅਤਾ, ਹੜੱਪਾ ਸੱਭਿਅਤਾ ਆਦਿ ਸਾਡੇ ਪੰਜਾਬ ਦੀ ਅਮੀਰੀ ਹੈ ਅਤੇ ਅਸੀਂ ਇਹਨਾਂ ਪ੍ਰਤੀ ਵੀ ਟੂਰਿਸਟ ਐਟਰੈਕਸ਼ਨ ਪੈਦਾ ਨਹੀਂ ਕਰ ਸਕੇ। ਦਰਿਆ ਸਾਡੇ ਜ਼ਹਿਰਾਂ ਬਣ ਗਏ ਹਨ, ਪੀਣ ਵਾਲ਼ੇ ਪਾਣੀ ਦੇ ਕੁਦਰਤੀ ਸੌਮਿਆਂ ਵਿੱਚ ਅਸੀਂ ਜ਼ਹਿਰਾਂ ਭਰ ਦਿੱਤੀਆਂ ਹਨ। ਸੁੰਦਰਤਾ ਪੱਖੋਂ ਪੰਜਾਬ ਦੀ ਕੁਦਰਤੀ ਸੁੰਦਰਤਾ ਨੂੰ ਸਾਂਭਣਾ ਤਾਂ ਕੀ ਸੀ, ਉਜਾੜਨ ਲਈ ਇੱਕ ਦੂਜੇ ਦੇ ਪੈਰ ਮਿੱਧਦੇ ਪਏ ਹਾਂ।
ਖ਼ੈਰ! ਪੰਜਾਬ ਤਾਂ ਕੀ, ਕੁਦਰਤੀ ਵੰਨ-ਸੁਵੰਨਤਾ ਨਾਲ਼ ਭਰਿਆ ਹਿਮਾਚਲ ਵੀ ਗੋਰਿਆਂ ਦੀ ਜਾਣਕਾਰੀ ਵਿੱਚ ਗੋਆ, ਵਾਰਾਣਸੀ ਵਾਂਗ ਥਾਂ ਨਹੀਂ ਬਣਾ ਸਕਿਆ, ਜਦੋਂ ਕਿ ਹਿਮਾਚਲ ਕੁਦਰਤੀ ਤੌਰ ‘ਤੇ ਬੇਹੱਦ ਖੂਬਸੂਰਤ ਥਾਂ ਹੈ ਅਤੇ ਮਨੀਕਰਣ ਦੀ ਕੁਦਰਤੀ ਅਮੀਰੀ ਵੀ ਵਿਦੇਸ਼ੀ ਸੈਲਾਨੀਆਂ ਤੱਕ ਪਹੁੰਚ ਨਹੀਂ ਬਣਾ ਸਕੀ।
ਖ਼ੈਰ! ਅਜੇ ਵੀ ਪਾਰਕ ਵਿੱਚ ਬੈਠਾ ਉਸੇ ਬੀਅਰ ਦੀਆਂ ਆਖਰੀ ਘੁੱਟਾਂ ਲਾ ਰਿਹਾ ਹਾਂ, ਜਿਹੜੀ ਆਹ ਪੋਸਟ ਲਿਖਣ ਲੱਗਿਆਂ ਖੋਲ੍ਹੀ ਸੀ।
ਗੋਰੇ ਬੁੱਢਾ ਨਾਲ਼ਾ ਵੇਖਣ ਤਾਂ ਆ ਹੀ ਸਕਦੇ ਆ?
ਬੰਜਰ ਹੋ ਰਹੀ ਧਰਤੀ ਦੇ ਆਖ਼ਰੀ ਨਿਸ਼ਾਨ ਵੇਖਣ ਕੌਣ ਨਹੀਂ ਆਉਂਦਾ ਭਲਾਂ?
#ਗੱਗਬਾਣੀ